ਲਖਨਊ, 10 ਸਤੰਬਰ
ਬਸਪਾ ਉੱਤਰ ਪ੍ਰਦੇਸ਼ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਬਾਹੂਬਲੀ ਜਾਂ ਮਾਫ਼ੀਆ ਉਮੀਦਵਾਰਾਂ ਨੂੰ ਮੈਦਾਨ ’ਚ ਨਾ ਉਤਾਰਨ ਦੀਆਂ ਕੋਸ਼ਿਸ਼ਾਂ ਕਰੇਗੀ। ਪਾਰਟੀ ਮੁਖੀ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਟਵੀਟ ਰਾਹੀਂ ਇਹ ਐਲਾਨ ਕਰਦਿਆਂ ਕਿਹਾ ਕਿ ਜੇਲ੍ਹ ’ਚ ਬੰਦ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਮਊ ਤੋਂ ਮੁੜ ਟਿਕਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਊ ਤੋਂ ਸੂਬਾ ਪ੍ਰਧਾਨ ਭੀਮ ਰਾਜਭਰ ਚੋਣ ਲੜਨਗੇ।
ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਤਾਂ ਜੋ ਸਰਕਾਰ ਬਣਨ ’ਤੇ ਦਾਗ਼ੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ’ਚ ਕੋਈ ਸਮੱਸਿਆ ਨਾ ਆਵੇ। ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਮੁਖਤਾਰ ਅੰਸਾਰੀ ਦਾ ਭਰਾ ਸਿਗਬਤੁੱਲ੍ਹਾ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਿਆ ਹੈ। ਮਾਇਆਵਤੀ ਨੇ ਮੰਗਲਵਾਰ ਨੂੰ ‘ਪ੍ਰਬੁੱਧ ਵਰਗ ਸੰਮੇਲਨ’ ਦੌਰਾਨ ਐਲਾਨ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਹੁਣ ਯੂਪੀ ’ਚ ਬੁੱਤ ਅਤੇ ਯਾਦਗਾਰਾਂ ਬਣਾਉਣ ਵੱਲ ਧਿਆਨ ਕੇਂਦਰਤ ਨਹੀਂ ਕਰਨਗੇ ਸਗੋਂ ਸੂਬੇ ’ਚ ਕਾਨੂੰਨ ਦਾ ਸ਼ਾਸਨ ਲਾਗੂ ਕਰਕੇ ਉਸ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕਰਨਗੇ।
ਬਸਪਾ ਮੁਖੀ ਦੇ ਇਨ੍ਹਾਂ ਦੋ ਐਲਾਨਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਬਹੁਜਨ ਸਮਾਜ ਪਾਰਟੀ ਪ੍ਰਤੀ ਲੋਕਾਂ ’ਚ ਬਣੀ ਧਾਰਨਾ ਨੂੰ ਬਦਲਣਾ ਚਾਹੁੰਦੇ ਹਨ। ਉਂਜ ਮੁਖਤਾਰ ਦਾ ਭਰਾ ਅਫ਼ਜ਼ਲ ਅੰਸਾਰੀ ਗਾਜ਼ੀਪੁਰ ਸੀਟ ਤੋਂ ਬਸਪਾ ਦਾ ਸੰਸਦ ਮੈਂਬਰ ਹੈ। -ਪੀਟੀਆਈ
ਓਵਾਇਸੀ ਦੀ ਪਾਰਟੀ ਵੱਲੋਂ ਮੁਖਤਾਰ ਅੰਸਾਰੀ ਨੂੰ ਟਿਕਟ ਦੀ ਪੇਸ਼ਕਸ਼
ਲਖਨਊ: ਬਸਪਾ ਵੱਲੋਂ ਮੁਖਤਾਰ ਅੰਸਾਰੀ ਨੂੰ ਮੁੜ ਟਿਕਟ ਨਾ ਦੇਣ ਦੇ ਐਲਾਨ ਮਗਰੋਂ ਅਸਦ-ਉਦ-ਦੀਨ ਓਵਾਇਸੀ ਦੀ ਅਗਵਾਈ ਹੇਠਲੀ ਪਾਰਟੀ ਏਆਈਐੱਮਆਈਐੱਮ ਨੇ ਅੰਸਾਰੀ ਨੂੰ ਚੋਣ ਮੈਦਾਨ ’ਚ ਖੜ੍ਹਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਪਾਰਟੀ ਵੱਲੋਂ ਯੂਪੀ ’ਚ 100 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਤਰਜਮਾਨ ਸੱਯਦ ਅਸੀਮ ਵੱਕਾਰ ਨੇ ਖ਼ਬਰ ਏਜੰਸੀ ਨੂੰ ਕਿਹਾ ਕਿ ਏਆਈਐੱਮਆਈਐੱਮ ਦੇ ਦਰਵਾਜ਼ੇ ਅੰਸਾਰੀ ਲਈ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਨਾ ਸਿਰਫ਼ ਮੁਖਤਾਰ ਸਗੋਂ ਹੋਰ ਮੁਸਲਮਾਨਾਂ ਨੂੰ ਵੀ ਆਖ ਰਹੇ ਹਨ ਕਿ ਉਹ ਕਿਸੇ ਵੀ ਪਾਰਟੀ ਤੋਂ ਟਿਕਟਾਂ ਨਾ ਖ਼ਰੀਦਣ ਕਿਉਂਕਿ ਪਾਰਟੀਆਂ ਪੈਸੇ ਲੈ ਲੈਣਗੀਆਂ ਪਰ ਇਹ ਯਕੀਨੀ ਬਣਾਉਣਗੀਆਂ ਕਿ ਉਹ ਨਾ ਜਿੱਤਣ। -ਪੀਟੀਆਈ