ਨਵੀਂ ਦਿੱਲੀ, 24 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਦੋਂ ਮਨੁੱਖਤਾ ਕੋਵਿਡ-19 ਸੰਕਟ ਦਾ ਸਾਹਮਣਾ ਕਰ ਰਹੀ ਹੈ ਤਾਂ ਮਹਾਤਮਾ ਬੁੱਧ ਦੇ ਉਪਦੇਸ਼ ਹੋਰ ਵਧੇਰੇ ਪ੍ਰਸੰਗਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਬੁੱਧ ਧਰਮ ਦੇ ਬਾਨੀ ਵੱਲੋਂ ਦਿਖਾਏ ਮਾਰਗ ’ਤੇ ਚੱਲ ਕੇ ਦਿਖਾ ਦਿੱਤਾ ਹੈ ਕਿ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ ਜਾ ਸਕਦਾ ਹੈ। ਪੂਰਨਮਾਸ਼ੀ ਅਤੇ ਧੰਮ ਚੱਕਰ ਦਿਵਸ ’ਤੇ ਸੁਨੇਹਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਨੇ ਸੰਕਟ ਦੇ ਸਮੇਂ ’ਚ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੀ ਤਾਕਤ ਨੂੰ ਮਹਿਸੂਸ ਕੀਤਾ ਹੈ। ਅੱਜ ਦੇ ਦਿਨ ਹੀ ਮਹਾਤਮਾ ਬੁੱਧ ਨੇ ਗਿਆਨ ਪ੍ਰਾਪਤ ਕਰਨ ਮਗਰੋਂ ਪਹਿਲਾ ਉਪਦੇਸ਼ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਬੁੱਧ ਦੀਆਂ ਸਿੱਖਿਆਵਾਂ ਦਾ ਪਾਲਣ ਕਰਕੇ ਇਕਜੁੱਟ ਹੋ ਕੇ ਅਗਾਂਹ ਵਧ ਰਹੀ ਹੈ। ਉਨ੍ਹਾਂ ਕੌਮਾਂਤਰੀ ਬੁੱਧ ਕਨਫੈਡਰੇਸ਼ਨ ਦੀ ‘ਕੇਅਰ ਵਿਦ ਪ੍ਰੇਅਰ’ ਮੁਹਿੰਮ ਦੀ ਵੀ ਸ਼ਲਾਘਾ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਦੁਸ਼ਮਣੀ ਨਾਲ ਦੁਸ਼ਮਣੀ ਖ਼ਤਮ ਨਹੀਂ ਹੁੰਦੀ ਸਗੋਂ ਪਿਆਰ ਅਤੇ ਵੱਡੇ ਦਿਲ ਨਾਲ ਇਸ ’ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। -ਪੀਟੀਆਈ