ਸ੍ਰੀਨਗਰ, 1 ਨਵੰਬਰ
ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ’ਚ ਅੱਜ ਸ਼ਾਮ ਅਤਿਵਾਦੀਆਂ ਨੇ ਉੱਤਰ ਪ੍ਰਦੇਸ਼ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਕਸ਼ਮੀਰ ਦੇ ਜ਼ਿਲ੍ਹੇ ਦੇ ਮਾਗਮ ਦੇ ਮਜ਼ਹਾਮਾ ਇਲਾਕੇ ’ਚ ਅਤਿਵਾਦੀ ਹਮਲੇ ’ਚ ਸੂਫੀਆਨ ਤੇ ਉਸਮਾਨ ਨਾਂ ਦੇ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਮਜ਼ਦੂਰ ਜਲ ਸ਼ਕਤੀ ਪ੍ਰਾਜੈਕਟ ’ਤੇ ਕੰਮ ਕਰ ਰਹੇ ਸਨ। ਇਸ ਤੋਂ ਪਹਿਲਾਂ ਲੰਘੀ 20 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ’ਚ ਦਹਿਸ਼ਤੀ ਹਮਲੇ ’ਚ ਇੱਕ ਡਾਕਟਰ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਇੱਕ ਮਜ਼ਦੂਰ ਪੰਜਾਬ ਨਾਲ ਸਬੰਧਤ ਸੀ। ਦਹਿਸ਼ਤਗਰਦਾਂ ਨੇ ਜ਼ਿਲ੍ਹੇ ਦੇ ਗੁੰਡ ਖੇਤਰ ਵਿੱਚ ਸੁਰੰਗ ਦੀ ਉਸਾਰੀ ਦਾ ਕੰਮ ਕਰ ਰਹੀ ਇਕ ਨਿੱਜੀ ਕੰਪਨੀ ਦੇ ਕੈਂਪ ’ਤੇ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਵੀ ਅਤਿਵਾਦੀਆਂ ਨੇ ਪਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਸੀ। ਜੰਮੂ ਕਸ਼ਮੀਰ ’ਚ ਹੋਰਨਾਂ ਰਾਜਾਂ ਦੇ ਮਜ਼ਦੂਰਾਂ ’ਤੇ ਹਮਲਿਆਂ ਮਗਰੋਂ ਉਹ ਵਾਦੀ ਛੱਡ ਕੇ ਜਾ ਰਹੇ ਹਨ। -ਪੀਟੀਆਈ