ਨਵੀਂ ਦਿੱਲੀ, 1 ਫਰਵਰੀ
ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਕਿਹਾ ਹੈ ਕਿ ਕੇਂਦਰੀ ਬਜਟ ’ਚ ਖੇਤੀ ਸੈਕਟਰ ਲਈ ਜੋ ਕਦਮ ਉਠਾਏ ਗਏ ਹਨ, ਉਹ ਅਹਿਮੀਅਤ ਨਹੀਂ ਰਖਦੇ ਅਤੇ ਉਹ ਚਾਹੁੰਦੇ ਹਨ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਫਸਲਾਂ ਦਾ ਭਾਅ ਵਧਾਉਣ ਦੀ ਸੀ ਨਾ ਕਿ ਖੇਤੀ ਕਰਜ਼ਾ ਵਧਾਉਣਾ। ਉਨ੍ਹਾਂ ਕਿਹਾ,‘‘ਇਹ ਸਾਡੀਆਂ ਜ਼ਮੀਨਾਂ ਖੋਹਣ ਦੀ ਸਾਜ਼ਿਸ਼ ਹੈ। 10 ਤੋਂ 15 ਸਾਲਾਂ ਦੇ ਅੰਦਰ ਕਾਰਪੋਰੇਟ ਸਾਡੀਆਂ ਜ਼ਮੀਨਾਂ ਆਪਣੇ ਕਬਜ਼ੇ ’ਚ ਕਰ ਲੈਣਗੇ। ਸਰਕਾਰ ਐੱਮਐੱਸਪੀ ਬਾਰੇ ਤਾਂ ਗੱਲ ਹੀ ਨਹੀਂ ਕਰ ਰਹੀ। ਬਜਟ ’ਚ ਕਿਸਾਨਾਂ ਲਈ ਕੁਝ ਵੀ ਨਹੀਂ ਹੈ।’’ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਤਿੰਨ ਸੜਕਾਂ ’ਤੇ ਕੰਡਿਆਲੀ ਤਾਰਾਂ ਲਗਾ ਦਿੱਤੀਆਂ ਹਨ ਤਾਂ ਜੋ ਦਿੱਲੀ ਵੱਲ ਜਾ ਰਹੇ ਵਾਹਨਾਂ ਨੂੰ ਰੋਕਿਆ ਜਾ ਸਕੇ। ‘ਅਸੀਂ ਪਿਛਲੇ ਸੱਤ ਸਾਲਾਂ ਤੋਂ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਉਡੀਕ ਕਰ ਰਹੇ ਹਾਂ। ਮੋਦੀ ਸਾਹਿਬ, ਤੁਸੀਂ ਆਪਣਾ ਮੋਬਾਈਲ ਨੰਬਰ ਦਿਉ, ਅਸੀਂ ਗੱਲ ਕਰਨ ਲਈ ਰਾਜ਼ੀ ਹਾਂ।’’ ਅੰਦੋਲਨ ’ਚ ਦਸੰਬਰ ਤੋਂ ਡਟੇ ਕੈਥਲ ਜ਼ਿਲ੍ਹੇ ਦੇ ਰਣਧੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਨਿਸ਼ਾਨਾ ਤਿੰਨੋਂ ਖੇਤੀ ਕਾਨੂੰਨ ਵਾਪਸ ਕਰਵਾਉਣਾ ਹੈ। ‘ਕੇਂਦਰੀ ਬਜਟ ਸਾਡੇ ਲਈ ਅਜੇ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਹੈ।’ ਉਸ ਦੇ ਸਾਥੀ ਪਾਲਾ ਰਾਮ ਨੇ ਇਹੋ ਵਿਚਾਰ ਪ੍ਰਗਟਾਏ। ਪਟਿਆਲਾ ਨਾਲ ਸਬੰਧਤ ਅਵਤਾਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਉਨ੍ਹਾਂ ਕਰਜ਼ੇ ਦੇ ਹੱਲ ਲਈ ਕੋਈ ਰਾਹ ਨਹੀਂ ਦੱਸਿਆ। ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ, ਗੰਗਾਨਗਰ ਦੇ ਪ੍ਰਧਾਨ ਰਣਜੀਤ ਰਾਜੂ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀ ਸਹਾਇਤਾ ਕਰਨੀ ਚਾਹੁੰਦੀ ਹੈ ਤਾਂ ਉਸ ਨੂੰ ਆਮਦਨ ਵਧਾਉੁਣ ਲਈ ਕਦਮ ਉਠਾਉਣੇ ਚਾਹੀਦੇ ਹਨ। -ਪੀਟੀਆਈ