ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 13 ਫਰਵਰੀ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਲੋਕ ਸਭਾ ’ਚ ਕਿਹਾ ਕਿ ਆਮ ਬਜਟ ਭਾਰਤ ਦੇ ਆਤਮ ਨਿਰਭਰ ਬਣਨ ਵੱਲ ਕੇਂਦਰਤ ਹੈ। ਲੋਕ ਸਭਾ ’ਚ ਬਜਟ ’ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੀ ਚੁਣੌਤੀ ਸਰਕਾਰ ਨੂੰ ਸੁਧਾਰਾਂ ਵੱਲ ਜ਼ੋਰ ਦੇਣ ਤੋਂ ਨਹੀਂ ਰੋਕ ਸਕੀ ਹੈ। ‘ਬਜਟ ’ਚ ਕੀਤੇ ਗਏ ਸੁਧਾਰ ਭਾਰਤ ਨੂੰ ਦੁਨੀਆ ਦੇ ਸਿਖਰਲੇ ਅਰਥਚਾਰਿਆਂ ਦੇ ਰਾਹ ’ਤੇ ਪਾਉਣਗੇ।’ ਸੀਤਾਰਾਮਨ ਨੇ ਕਿਹਾ ਕਿ ਬਜਟ ’ਚ ਖੇਤੀਬਾੜੀ ਲਈ ਰੱਖੀ ਗਈ ਰਕਮ ’ਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ ਸਗੋਂ ਐਤਕੀਂ ਇਸ ਨੂੰ ਤਰਕਸੰਗਤ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ’ਚ ਰੱਖੇ ਗਏ ਫੰਡਾਂ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਅੰਦਾਜ਼ਾ ਲਾਇਆ ਸੀ ਕਿ ਪੱਛਮੀ ਬੰਗਾਲ ਦੇ 65 ਲੱਖ ਕਿਸਾਨਾਂ ਨੂੰ ਵੀ ਇਸ ਯੋਜਨਾ ਦਾ ਲਾਹਾ ਮਿਲੇਗਾ ਪਰ ਸੂਬਾ ਸਰਕਾਰ ਤੋਂ ਉਨ੍ਹਾਂ ਨੂੰ ਲਾਭਪਾਤਰੀਆਂ ਦੀ ਸੂਚੀ ਹੀ ਨਹੀਂ ਮਿਲੀ ਹੈ ਜਿਸ ਕਾਰਨ ਰਕਮ ਘੱਟ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ’ਤੇ ਵਰ੍ਹਦਿਆਂ ਸੀਤਾਰਾਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਪੂੰਜੀਪਤੀਆਂ ਲਈ ਨਹੀਂ ਸਗੋਂ ਆਮ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ। ਦਿਹਾਤੀ ਰੁਜ਼ਗਾਰ ਗਾਰੰਟੀ ਯੋਜਨਾ ’ਚ ਬਜਟ ਵਧਾਉਣ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਇਮੈਂਟ ਗਾਰੰਟੀ (ਮਗਨਰੇਗਾ) ਯੋਜਨਾ ਲਈ ਲੋੜ ਪੈਣ ’ਤੇ ਹੋਰ ਫੰਡ ਜਾਰੀ ਕਰੇਗੀ। ਬਜਟ ’ਚ ਰੱਖਿਆ ’ਤੇ ਰੱਖੇ ਗਏ ਫੰਡ ਬਾਰੇ ਉਨ੍ਹਾਂ ਕਿਹਾ ਕਿ ਇਹ ਪਿਛਲੇ ਸਾਲ ਨਾਲੋਂ 1.3 ਫ਼ੀਸਦ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਰੋਬਾਰ ਫੈਲਦਾ ਨਹੀਂ ਹੈ, ਉਦੋਂ ਤੱਕ ਸਰਕਾਰ ਕੋਲ ਗਰੀਬਾਂ ਅਤੇ ਪਰਵਾਸੀ ਮਜ਼ਦੂਰਾਂ ਨੂੰ ਵੰਡਣ ਲਈ ਕੁਝ ਵੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਕਰਕੇ ਮੁਲਕ ’ਚ ਕਮਾਈ ਦੇ ਸਾਧਨ ਪੈਦਾ ਕਰਨ ਵਾਲਿਆਂ ਅਤੇ ਇਮਾਨਦਾਰ ਟੈਕਸਦਾਤਿਆਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਦੌਰਾਨ ਕਾਂਗਰਸ ਨੇ ਸੀਤਾਰਮਨ ਨੂੰ ਆਰਥਿਕਤਾ ਲਈ ਖਤਰਾ ਦੱਸਿਆ ਹੈ।
ਲੋਕ ਸਭਾ ’ਚ ਬਜਟ ਸੈਸ਼ਨ ਦਾ ਪਹਿਲਾ ਗੇੜ ਮੁਕੰਮਲ
ਨਵੀਂ ਦਿੱਲੀ: ਲੋਕ ਸਭਾ ’ਚ 29 ਜਨਵਰੀ ਤੋਂ ਸ਼ੁਰੂ ਹੋਏ ਬਜਟ ਸੈਸ਼ਨ ਦਾ ਪਹਿਲਾ ਗੇੜ ਅੱਜ ਪੂਰਾ ਹੋ ਗਿਆ ਹੈ ਅਤੇ ਇਸ ਦੌਰਾਨ ਹੇਠਲੇ ਸਦਨ ’ਚ 100 ਫੀਸਦ ਕੰਮਕਾਰ ਹੋਇਆ। ਲੋਕ ਸਭਾ ’ਚ ਅੱਜ ਬਜਟ ’ਤੇ ਚਰਚਾ ਪੂਰੀ ਹੋਣ ਤੋਂ ਬਾਅਦ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਤਹਿਤ ਬਜਟ ਸੈਸ਼ਨ ਦਾ ਦੂਜਾ ਗੇੜ 8 ਮਾਰਚ ਨੂੰ ਸ਼ੁਰੂ ਹੋਵੇਗਾ।
ਰਾਹੁਲ ਭਾਰਤ ਲਈ ‘ਨਹਿਸ਼ ਵਿਅਕਤੀ’: ਸੀਤਾਰਾਮਨ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਅੱਜ ਕਿਹਾ ਕਿ ਉਹ ਵੱਖ ਵੱਖ ਮੁੱਦਿਆਂ ’ਤੇ ਝੂਠਾ ਬਿਰਤਾਂਤ ਸਿਰਜ ਕੇ ਸੰਵਿਧਾਨਕ ਤੌਰ ’ਤੇ ਚੁਣੇ ਗਏ ਅਹੁਦੇਦਾਰਾਂ ਦਾ ਲਗਾਤਾਰ ਅਪਮਾਨ ਕਰ ਰਿਹਾ ਹੈ ਅਤੇ ਉਹ ਭਾਰਤ ਲਈ ‘ਨਹਿਸ਼ ਵਿਅਕਤੀ’ ਬਣ ਗਿਆ ਹੈ। ਬਜਟ ’ਤੇ ਲੋਕ ਸਭਾ ’ਚ ਹੋਈ ਬਹਿਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਲਾਏ ਗਏ ਦੋਸ਼ਾਂ ਦਾ ਜਵਾਬ ਸੁਣਨ ਲਈ ਕਾਂਗਰਸ ਆਗੂ ’ਚ ਸੰਜਮ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਸਮੇਂ ਬੈਂਕਾਂ ਨੂੰ ਫੋਨ ਕਰਕੇ ਡੋਬ ਦਿੱਤਾ ਗਿਆ ਸੀ ਅਤੇ ਵੱਡੇ ਵੱਟੇ-ਖਾਤੇ ਛੱਡ ਦਿੱਤੇ ਗਏ ਸਨ। ‘ਅਦਾਰੇ ਬਣਾ ਕੇ ਅਤੇ ਉਨ੍ਹਾਂ ਨੂੰ ‘ਹਮ ਦੋ ਹਮਾਰੇ ਦੋ’ ਲਈ ਵਰਤ ਕੇ ਫਿਰ ਦੂਜਿਆਂ ’ਤੇ ਦੋਸ਼ ਮੜ੍ਹੇ ਜਾਂਦੇ ਹਨ।’ ਜ਼ਿਕਰਯੋਗ ਹੈ ਕਿ ‘ਹਮ ਦੋ ਹਮਾਰੇ ਦੋ’ ਦਾ ਬਿਆਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਲੋਕ ਸਭਾ ’ਚ ਦਿੱਤਾ ਸੀ ਅਤੇ ਕਿਹਾ ਸੀ ਕਿ ਦੋ ਕਾਰੋਬਾਰੀ ਘਰਾਣਿਆਂ ਸਮੇਤ ਚਾਰ ਵਿਅਕਤੀ ਦੇਸ਼ ਚਲਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਬਾਰੇ ਕਾਂਗਰਸ ਨੇ ਯੂ-ਟਰਨ ਲਿਆ ਸੀ ਪਰ ਰਾਹੁਲ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਕਾਂਗਰਸ ਦੀਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਕਰਜ਼ੇ ਮੁਆਫ਼ ਨਹੀਂ ਕੀਤੇ ਗਏ। ਸੀਤਾਰਾਮਨ ਨੇ ਕਿਹਾ ਕਿ ਉਨ੍ਹਾਂ ਪੰਜਾਬ ’ਚ ਕਿਸਾਨਾਂ ਦੇ ਮੁੱਦੇ ਬਾਰੇ ਵੀ ਗੱਲਬਾਤ ਨਹੀਂ ਕੀਤੀ ਜਿਥੇ ਕਾਂਗਰਸ ਸੱਤਾ ’ਚ ਹੈ ਅਤੇ ਪਰਾਲੀ ਸਾੜਨ ਦੇ ਸਬੰਧ ’ਚ ਸਰਕਾਰ ਨੇ ਕਦਮ ਉਠਾਏ ਹਨ। ਕੇਂਦਰੀ ਵਿੱਤ ਮੰਤਰੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਝੂਠੇ ਬਿਰਤਾਂਤ ਸਿਰਜਣ ਦਾ ਵੀ ਦੋਸ਼ ਲਾਇਆ। ਖਾਸ ਕਾਰੋਬਾਰੀਆਂ ਦਾ ਪੱਖ ਪੂਰਨ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਕੇਰਲਾ ਦਾ ਅਹਿਮ ਪ੍ਰਾਜੈਕਟ ਬੋਲੀ ਦੇ ਆਧਾਰ ’ਤੇ ਮਨਜ਼ੂਰ ਹੋਇਆ ਹੈ ਅਤੇ ਉਸ ਦਾ ਕੇਂਦਰ ਸਰਕਾਰ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਦੇ ਮੁੱਦੇ ’ਤੇ ਆਪਣਾ ਰੁਖ ਬਦਲ ਲਿਆ ਜਦਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖੇਤੀ ਸੁਧਾਰਾਂ ਦੀ ਵਕਾਲਤ ਕਰਦੇ ਆਏ ਸਨ। -ਪੀਟੀਆਈ
-ਪੀਟੀਆਈ