ਨਵੀਂ ਦਿੱਲੀ, 28 ਜਨਵਰੀ
ਕਾਂਗਰਸ ਨੇ ਸੰਸਦ ਦੇ ਆਉਂਦੇ ਬਜਟ ਇਜਲਾਸ ਦੌਰਾਨ ਹਮਖ਼ਿਆਲ ਪਾਰਟੀਆਂ ਨਾਲ ਰਲ ਕੇ ਕੰਮ ਕਰਨ ਦਾ ਫ਼ੈਸਲਾ ਲਿਆ ਹੈ। ਇਜਲਾਸ ਦੌਰਾਨ ਕਿਸਾਨੀ, ਕੋਵਿਡ ਪੀੜਤਾਂ ਲਈ ਰਾਹਤ ਪੈਕੇਜ ਅਤੇ ਚੀਨ ਨਾਲ ਸਰਹੱਦੀ ਵਿਵਾਦ ਸਮੇਤ ਜਨਤਕ ਮਹੱਤਤਾ ਵਾਲੇ ਕਈ ਮੁੱਦੇ ਸਾਂਝੇ ਤੌਰ ’ਤੇ ਉਠਾਏ ਜਾਣਗੇ। ਕਾਂਗਰਸ ਸੰਸਦੀ ਰਣਨੀਤਕ ਗਰੁੱਪ ਦੀ ਵਰਚੁਅਲੀ ਹੋਈ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ।
ਕਾਂਗਰਸ ਵੱਲੋਂ ਕੋਵਿਡ ਪੀੜਤਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਐਲਾਨੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸ ਨੇ ਏਅਰ ਇੰਡੀਆ ਦੀ ਟਾਟਾ ਗਰੁੱਪ ਨੂੰ ਵਿਕਰੀ ਦਾ ਮੁੱਦਾ ਵੀ ਉਠਾਉਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਭਾਰਤੀ ਅਰਥਚਾਰੇ ’ਚ ਨਿਘਾਰ ਅਤੇ ਜ਼ਰੂਰੀ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਦੇ ਮੁੱਦੇ ਵੀ ਉਠਾਏ ਜਾਣਗੇ। ਮੀਟਿੰਗ ਦੌਰਾਨ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ, ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ, ਸੀਨੀਅਰ ਪਾਰਟੀ ਆਗੂ ਏ ਕੇ ਐਂਟਨੀ, ਕੇ ਸੀ ਵੇਣੂਗੋਪਾਲ, ਆਨੰਦ ਸ਼ਰਮਾ, ਗੌਰਵ ਗੋਗੋਈ, ਕੇ ਸੁਰੇਸ਼, ਜੈਰਾਮ ਰਮੇਸ਼, ਮਨੀਕਮ ਟੈਗੋਰ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਹਾਜ਼ਰੀ ਭਰੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਇਸ ਗਰੁੱਪ ਦੇ ਮੈਂਬਰ ਹਨ ਪਰ ਉਹ ਮੀਟਿੰਗ ’ਚ ਹਾਜ਼ਰ ਨਹੀਂ ਸਨ। ਸੰਸਦ ਦਾ ਬਜਟ ਇਜਲਾਸ 31 ਜਨਵਰੀ ਨੂੰ ਰਾਸ਼ਟਰਪਤੀ ਵੱਲੋਂ ਦੋਵੇਂ ਸਦਨ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤੇ ਜਾਣ ਨਾਲ ਸ਼ੁਰੂ ਹੋਵੇਗਾ। ਆਮ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। -ਪੀਟੀਆਈ
ਲੋਕ ਸਭਾ ਸਪੀਕਰ ਵੱਲੋਂ ਬਜਟ ਇਜਲਾਸ ਦੀਆਂ ਤਿਆਰੀਆਂ ਦਾ ਜਾਇਜ਼ਾ
ਨਵੀਂ ਦਿੱਲੀ: ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਸੰਸਦ ਭਵਨ ’ਚ ਵੱਖ ਵੱਖ ਸਹੂਲਤਾਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਲੋਕ ਸਭਾ ਚੈਂਬਰ, ਕੇਂਦਰੀ ਹਾਲ ਅਤੇ ਹੋਰ ਥਾਵਾਂ ਦਾ ਦੌਰਾ ਕੀਤਾ। ਸਪੀਕਰ ਨੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਤਹਿਤ ਬਜਟ ਇਜਲਾਸ ਦੌਰਾਨ ਸੰਸਦ ਮੈਂਬਰਾਂ, ਅਧਿਕਾਰੀਆਂ ਅਤੇ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਸ੍ਰੀ ਬਿਰਲਾ ਨੂੰ ਸੰਸਦ ਭਵਨ ’ਚ ਕੋਵਿਡ ਪ੍ਰੋਟੋਕੋਲ ਨੇਮਾਂ ਦੀ ਪਾਲਣਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਸੰਸਦ ਦੀ ਨਵੀਂ ਇਮਾਰਤ ਦੀ ਉਸਾਰੀ ਦੀ ਪ੍ਰਗਤੀ ਬਾਰੇ ਵੀ ਦੱਸਿਆ ਗਿਆ। ਸਪੀਕਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੰਸਦ ਭਵਨ ਦੀ ਮੁਰੰਮਤ ਦਾ ਕੰਮ ਕਰਵਾਉਂਦੇ ਰਹਿਣ ਅਤੇ ਜ਼ੋਰ ਦਿੱਤਾ ਕਿ ਸਹੂਲਤਾਂ ਦੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਇਸ ’ਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਲੋਕ ਸਭਾ ਅਤੇ ਰਾਜ ਸਭਾ ਚੈਂਬਰਾਂ ’ਚ ਢੁੱਕਵੇਂ ਸੁਰੱਖਿਆ ਉਪਰਾਲਿਆਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਦੌਰੇ ਸਮੇਂ ਬਿਰਲਾ ਨੇ ਮੀਡੀਆ ਸਟੈਂਡਾਂ, ਲਾਬੀਆਂ ਅਤੇ ਕੇਂਦਰੀ ਹਾਲ ’ਚ ਵਧੇਰੇ ਸਫ਼ਾਈ ’ਤੇ ਜ਼ੋਰ ਦਿੱਤਾ। ਸੰਸਦ ਦਾ ਬਜਟ ਇਜਲਾਸ ਦੋ ਸ਼ਿਫ਼ਟਾਂ ’ਚ ਹੋਵੇਗਾ ਜਿਸ ਤਹਿਤ ਰਾਜ ਸਭਾ ਸਵੇਰੇ ਅਤੇ ਲੋਕ ਸਭਾ ਸ਼ਾਮ ਨੂੰ ਜੁੜਿਆ ਕਰੇਗੀ। -ਆਈਏਐਨਐਸ