ਆਤਿਸ਼ ਗੁਪਤਾ
ਚੰਡੀਗੜ੍ਹ, 11 ਦਸੰਬਰ
1971 ਦੀ ਭਾਰਤ-ਪਾਕਿਸਤਾਨ ਜੰਗ ਦੀ ਗੋਲਡਨ ਜੁਬਲੀ ’ਤੇ ਆਧਾਰਿਤ ਪੰਜਵੇਂ ਮਿਲਟਰੀ ਲਿਟਰੇਚਰ ਫੈਸਟੀਵਲ-2021 ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵਰਚੁਅਲੀ ਕੀਤਾ। ਉਨ੍ਹਾਂ ਫੈਸਟੀਵਲ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰਨਾਂ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹਾਜ਼ਰ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਐੱਨਐੱਨ ਵੋਹਰਾ ਨੇ ਕਿਹਾ ਕਿ ਫੈਸਟੀਵਲ ਰਾਹੀਂ ਦੇਸ਼ ’ਚ ਵੱਖ-ਵੱਖ ਥਾਵਾਂ ’ਤੇ ਸ਼ਹੀਦ ਹੋਏ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਦੇਸ਼ ਦੀ ਸੁਰੱਖਿਆ ਦੇ ਸਮਕਾਲੀ ਖਤਰਿਆਂ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲਿਟਰੇਚਰ ਫੈਸਟੀਵਲ ਦਾ ਵਿਸ਼ੇਸ਼ ਹਿੱਸਾ ਫ਼ੌਜ ਬਾਰੇ ਲਿਖੀਆਂ ਕਿਤਾਬਾਂ, ਰਣਨੀਤੀ ਅਤੇ ਹੋਰ ਮਾਮਲਿਆਂ ਨਾਲ ਸਬੰਧਤ ਹੈ। ਇਸ ਦੌਰਾਨ ਹੁੰਦੀ ਬਹਿਸ ’ਚ ਇਸ ਖਿੱਤੇ ਦੀ ਸੁਰੱਖਿਆ ਦੀ ਰਣਨੀਤੀ ਬਾਰੇ ਤੇ ਭਵਿੱਖ ’ਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਚਾਰ-ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਯਾਦ ਕੀਤਾ ਕਿ 1971 ਦੀ ਜੰਗ ਨੂੰ ਵੀ ਇਸ ਸਾਲ 50 ਵਰ੍ਹੇ ਹੋ ਗਏ ਹਨ। ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਵੋਹਰਾ ਨੇ ਜ਼ੋਰ ਦੇ ਕੇ ਕਿਹਾ ਕਿ ਜੰਗ ਜਾਨਲੇਵਾ ਹੁੰਦੀ ਹੈ ਤੇ ਮਾਹਿਰਾਂ ਨੂੰ ਜੰਗੀ ਰਣਨੀਤੀ ਮੌਜੂਦਾ ਤੇ ਭਵਿੱਖੀ ਚੁਣੌਤੀਆਂ ਨੂੰ ਦੇਖ ਕੇ ਬਣਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਖ਼ਤਰੇ ਖੇਤਰ ਤੇ ਉਸ ਤੋਂ ਪਾਰ ਬਣ ਰਹੇ ਹਨ, ਉਸ ਹਿਸਾਬ ਨਾਲ ਰੱਖਿਆ ਸੇਵਾਵਾਂ ਨੂੰ ਤਿਆਰ ਕਰਨ ਦੀ ਲੋੜ ਹੈ। ਵੋਹਰਾ ਨੇ ਕਿਹਾ ਕਿ ਜੰਗ ਮੌਤ ਤੇ ਜ਼ਿੰਦਗੀ ਦਾ ਸਵਾਲ ਹੁੰਦੀ ਹੈ, ਇਹ ਮੁਲਕਾਂ ਤੇ ਅਧਿਕਾਰੀਆਂ, ਜੰਗ ਲੜਨ ਵਾਲਿਆਂ ਲਈ ਵੀ ਸਨਮਾਨ ਦਾ ਸਵਾਲ ਬਣ ਜਾਂਦੀ ਹੈ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਰ ਲੜਦੇ ਹਨ। ਸ੍ਰੀ ਵੋਹਰਾ ਨੇ ਵੀ ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਤੇ ਹੋਰਨਾਂ ਸ਼ਹੀਦ ਹੋਏ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਜੰਮੂ-ਕਸ਼ਮੀਰ ਦੇ ਰਾਜਪਾਲ ਹੁੰਦਿਆਂ ਜਨਰਲ ਰਾਵਤ ਨਾਲ ਕੰਮ ਕਰਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਤੋਂ ਪਹਿਲਾਂ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਇਸ ਸਾਹਿਤ ਮੇਲੇ ਰਾਹੀਂ ਭਾਰਤੀ ਫ਼ੌਜ ਵੱਲੋਂ ਬਹਾਦਰੀ ਨਾਲ ਲੜੀ ਗਈ 1971 ਦੀ ਜੰਗਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਨੌਜਵਾਨਾਂ ਨੂੰ ਜਾਣੂ ਕਰਾਇਆ ਜਾਵੇਗਾ। ਇਸ ਨਾਲ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਵੇਗਾ। ਰਾਜਪਾਲ ਨੇ ਕਿਹਾ ਕਿ ਇਸ ਵੇਲੇ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਰੱਖਿਆ ਦਾ 65 ਫ਼ੀਸਦ ਬਜਟ ਫ਼ੌਜ ਦੀ ਮਜ਼ਬੂਤੀ ਲਈ ਖ਼ਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਤਮ-ਨਿਰਭਰ ਹੋਣ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਮੌਕੇ ਪੱਛਮੀ ਕਮਾਨ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਐੱਨਕੇ ਖੰਡੂਰੀ ਅਤੇ ਲੈਫਟੀਨੈਂਟ ਜਨਰਲ ਟੀ.ਐੱਸ. ਸ਼ੇਰਗਿੱਲ (ਸੇਵਾਮੁਕਤ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਫੈਸਟੀਵਲ ਦੇ ਪਹਿਲੇ ਦਿਨ ਲੈਫਟੀਨੈਂਟ ਜਨਰਲ ਦੀਪੇਂਦਰ ਸਿੰਘ, ਬ੍ਰਿਗੇਡੀਅਰ ਸੁਖਜੀਤ ਸਿੰਘ ਅਤੇ ਸੇਵਾਮੁਕਤ ਆਈਏਐੱਸ ਐੱਸਐੱਸ ਬੋਪਾਰਾਏ ਨੇ 1971 ਦੀ ਜੰਗ ਬਾਰੇ ਜਾਣਕਾਰੀ ਦਿੱਤੀ। ਸਤਿੰਦਰ ਲਾਂਬਾ ਅਤੇ ਆਫ਼ਤਾਬ ਸੇਠ ਨੇ 1971 ਦੀ ਜੰਗ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਇਆ। ਪੱਛਮੀ ਕਮਾਂਡ ਵੱਲੋਂ 1971 ਦੀ ਜੰਗ ਦੇ ਅਪਰੇਸ਼ਨ ਬਾਰੇ ਪੇਸ਼ਕਾਰੀ ਦਿੱਤੀ ਗਈ। ਜਨਰਲ ਵੀਪੀ ਮਲਿਕ ਨੇ ਅਗਸਤ 2021 ਵਿਚ ਅਫ਼ਗਾਨਿਸਤਾਨ ਦੀ ਫ਼ੌਜ ਦੇ ਖ਼ਤਮ ਹੋਣ ਦੇ ਕਾਰਨਾਂ ਬਾਰੇ ਅਤੇ ਉਨ੍ਹਾਂ ਦੀਆਂ ਕਮੀਆਂ ਬਾਰੇ ਵਿਚਾਰ ਸਾਂਝੇ ਕੀਤੇ। ਕੋਵਿਡ-19 ਕਾਰਨ ਮਿਲਟਰੀ ਲਿਟਰੇਚਰ ਫੈਸਟੀਵਲ-2021 ਆਨਲਾਈਨ ਕਰਵਾਇਆ ਜਾ ਰਿਹਾ ਹੈ। ਇਸ ਨੂੰ ਐੱਮਐੱਲਐੱਫ ਦੀ ਵੈੱਬਸਾਈਟ, ਫੇਸਬੁੱਕ, ਯੂ-ਟਿਊਬ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ’ਤੇ ਪੂਰੀ ਦੁਨੀਆ ਦੇ ਦਰਸ਼ਕਾਂ ਲਈ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।