ਮੁੰਬਈ, 2 ਜੂਨ
ਦੱਖਣੀ ਮੁੰਬਈ ਦੇ ਭਾਇਖਲਾ ਇਲਾਕੇ ’ਚ ਇੱਕ 62 ਮੰਜ਼ਿਲਾ ਰਿਹਾਇਸ਼ੀ ਇਮਾਰਤ ’ਚ ਲੰਘੀ ਅੱਧੀ ਰਾਤ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਪਰ 25 ਤੋਂ 30 ਵਿਅਕਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਫਾਇਰ ਬ੍ਰਿਗੇਡ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਇਖਲਾ ਦੇ ਖਟਾਊ ਮਿੱਲ ਕੰਪਾਊਂਡ ’ਚ ‘ਮੌਂਟੇ ਸਾਊਥ’ ਇਮਾਰਤ ਦੇ ‘ਏ ਵਿੰਗ’ ਦੀ 10ਵੀਂ ਮੰਜ਼ਿਲ ਸਥਿਤ ਇੱਕ ਫਲੈਟ ’ਚ ਰਾਤ ਤਕਰੀਬਨ 11.42 ਵਜੇ ਅੱਗ ਲੱਗ ਗਈ ਜਿਸ ਕਾਰਨ ਪੂਰੀ ਇਮਾਰਤ ’ਚ ਧੂੰਆਂ ਭਰ ਗਿਆ ਤੇ ਕੁਝ ਲੋਕ ਇਮਾਰਤ ਦੀਆਂ ਉੱਪਰੀਆਂ ਮੰਜ਼ਿਲਾਂ ’ਤੇ ਫਸ ਗਏ। ਅਧਿਕਾਰੀ ਨੇ ਦੱਸਿਆ ਕਿ 25 ਤੋਂ 30 ਲੋਕਾਂ ਨੂੰ ਪੌੜੀਆਂ ਰਾਹੀਂ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ ਜਿਸ ਦੀ ਪਛਾਣ ਪਾਂਡੂਰੰਗ ਸ਼ਿੰਦੇ (57) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਅੱਗ ’ਤੇ ਦੇਰ ਰਾਤ ਪੌਣੇ ਤਿੰਨ ਵਜੇ ਦੇ ਕਰੀਬ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਘਰੇਲੂ ਸਾਮਾਨ ਦਾ ਨੁਕਸਾਨ ਹੋਇਆ ਹੈ। ਅੱਗ ਬੁਝਾਉਂਦੇ ਸਮੇਂ 10ਵੀਂ ਮੰਜ਼ਿਲ ’ਤੇ ਬਣੇ ਫਲੈਟ ਦੀ ਰਸੋਈ ’ਚ ਫਰਿੱਜ ਦੇ ਕੰਪਰੈਸਰ ’ਚ ਧਮਾਕਾ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ। ਅਜਿਹਾ ਖਦਸ਼ਾ ਹੈ ਕਿ ਇਮਾਰਤ ਦੀ 10ਵੀਂ ਮੰਜ਼ਿਲ ਸਥਿਤ ਫਲੈਟ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ। -ਪੀਟੀਆਈ