ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਮਈ
ਸੜਕਾਂ ਤੋਂ ਨਾਜਾਇਜ਼ ਉਸਾਰੀਆਂ ਢਾਹੁਣ ਦੀ ਮੁਹਿੰਮ ਤਹਿਤ ਅੱਜ ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਨਿਊ ਫਰੈਂਡਜ਼ ਕਲੋਨੀ ਅਤੇ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਮੰਗੋਲਪੁਰੀ ਵਿੱਚ ਬੁਲਡੋਜ਼ਰਾਂ ਨਾਲ ਭੰਨ-ਤੋੜ ਕੀਤੀ ਗਈ। ਬੀਤੇ ਦਿਨ ਦੱਖਣੀ ਦਿੱਲੀ ਨਗਰ ਨਿਗਮ ਨੇ ਸ਼ਾਹੀਨ ਬਾਗ਼ ’ਚ ਬੁਲਡੋਜ਼ਰ ਭੇਜੇ ਸਨ ਪਰ ਲੋਕ ਰੋਹ ਕਾਰਨ ਇਹ ਦਸਤਾ ਬੇਰੰਗ ਪਰਤ ਆਇਆ ਸੀ। ਅੱਜ ਉੱਤਰੀ ਦਿੱਲੀ ਨਗਰ ਨਿਗਮ ਦੇ ਦਸਤੇ ਦਾ ਸਥਾਨਕ ‘ਆਪ’ ਵਿਧਾਇਕ ਮੁਕੇਸ਼ ਅਹਿਲਾਵਤ ਨੇ ਵਿਰੋਧ ਕੀਤਾ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ।
ਦੱਖਣੀ ਦਿੱਲੀ ਨਗਰ ਨਿਗਮ ਦੇ ਚੇਅਰਮੈਨ ਰਾਜਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਰੋਡ ਤੋਂ ਅਸ਼ੋਕ ਪਾਰਕ ਤੱਕ ਗ਼ੈਰਕਾਨੂੰਨੀ ਢਾਂਚੇ ਹਟਾਏ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲ ਬੱਸਾਂ, ਐਂਬੂਲੈਂਸਾਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਸੜਕਾਂ ਤੋਂ ਸੁਰੱਖਿਅਤ ਲਾਂਘੇ ਲਈ ਰਾਹ ਦੀਆਂ ਰੁਕਾਵਟਾਂ ਹਟਾਈਆਂ ਜਾ ਰਹੀਆਂ ਹਨ। ਉਨ੍ਹਾਂ ਧਰਮ ਦੇ ਆਧਾਰ ’ਤੇ ਕਾਰਵਾਈ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਨਾਜਾਇਜ਼ ਕੋਠੀਆਂ, ਕੱਚੇ ਢਾਂਚੇ, ਝੁੱਗੀਆਂ ਤੇ ਦੁਕਾਨਾਂ ਨਾਲ ਕੀਤੇ ਕਬਜ਼ੇ ਹਟਾਏ ਜਾ ਰਹੇ ਹਨ। ਇਹ ਮੁਹਿੰਮ 13 ਮਈ ਤੱਕ ਚਲੇਗੀ। ਨਿਗਮ ਦੇ ਦਸਤੇ ਵੱਲੋਂ ਅੱਜ ਬੁੱਧ ਮੰਦਰ ਤੇ ਗੁਰਦੁਆਰਾ ਰੋਡ ਦੇ ਇਲਾਕੇ ਵਿੱਚੋਂ ਢਾਂਚੇ ਹਟਾਏ ਗਏ ਹਨ।
ਉਧਰ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਵੀ ਅੱਜ ਭੰਨਤੋੜ ਦੀ ਕਾਰਵਾਈ ਕੀਤੀ ਗਈ ਹੈ। ਵਿਧਾਇਕ ਮੁਕੇਸ਼ ਅਹਿਲਾਵਤ ਨੇ ਦੋਸ਼ ਲਾਇਆ ਕਿ ਨਿਗਮ ਗ਼ਰੀਬਾਂ ਨੂੰ ਉਜਾੜ ਰਿਹਾ ਹੈ। ਲੋਕਾਂ ਨੇ ਥਾਂ ਖਾਲੀ ਕਰ ਦਿੱਤੀ ਹੈ ਪਰ ਫਿਰ ਵੀ ਨਿਗਮ ਬੁਲਡੋਜ਼ਰਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਤੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨਿਗਮ ਇਹ ਸਾਬਤ ਕਰੇ ਕਿ ਉੱਥੇ ਕਬਜ਼ਾ ਕੀਤਾ ਹੋਇਆ ਹੈ। ਉਹ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਨ ਪਹੁੰਚੇ ਤਾਂ ਪੁਲੀਸ ਨੇ ਵਿਧਾਇਕ ਨੂੰ ਹਿਰਾਸਤ ਵਿੱਚ ਲੈ ਲਿਆ। ਬਾਹਰੀ ਦਿੱਲੀ ਦੇ ਡੀਸੀਪੀ ਸਮਰ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚੱਲ ਰਹੀ ਸੀ। ਸਥਾਨਕ ਵਿਧਾਇਕ ਇੱਥੇ ਆਏ ਤੇ ਉਨ੍ਹਾਂ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ। ਇਸ ਮਗਰੋਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮੌਕੇ ’ਤੇ ਹਾਜ਼ਰ ਕਈ ਲੋਕਾਂ ਨੇ ਕਿਹਾ ਕਿ ਇੱਥੋਂ ਕਈ ਪਰਿਵਾਰ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ ਤੇ ਕਿਸੇ ਨੇ ਕੋਈ ਘਰ ਨਹੀਂ ਉਸਾਰਿਆ ਪਰ ਸਿਰਫ਼ ਸਟਾਲ ਤੇ ਦੁਕਾਨਾਂ ਲਾਉਂਦੇ ਹਨ ਜਿਨ੍ਹਾਂ ਨੂੰ ਢਾਹ ਦਿੱਤਾ ਗਿਆ। ਨਿਗਮ ਦੀ ਕਾਰਵਾਈ ਦੌਰਾਨ ਅੱਜ ਵੀ ਦਿੱਲੀ ਪੁਲੀਸ ਤੇ ਅਰਧ ਸੈਨਿਕ ਬਲਾਂ ਦੇ ਜਵਾਨ ਵੱਡੀ ਗਿਣਤੀ ’ਚ ਮੌਜੂਦ ਸਨ।