ਜੰਮੂ, 11 ਜੂਨ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸ਼ਰਧਾਲੂਆਂ ਦੀ ਬੱਸ ’ਤੇ ਕੀਤੇ ਗਏ ਹਮਲੇ ਵਿੱਚ ਸ਼ਾਮਲ ਅਤਿਵਾਦੀਆਂ ਦਾ ਪਤਾ ਲਾਉਣ ਵਾਸਤੇ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸੁਰੱਖਿਆ ਬਲਾਂ ਦੀਆਂ 11 ਟੀਮਾਂ ਕੰਮ ਕਰ ਰਹੀਆਂ ਹਨ। ਇਸੇ ਦੌਰਾਨ ਪੁਲੀਸ ਵੱਲੋਂ ਸ਼ੱਕੀ ਅਤਿਵਾਦੀਆਂ ਦੇ ਸਕੈੱਚ ਜਾਰੀ ਕਰ ਦਿੱਤੇ ਗਏ ਹਨ। ਰਾਨਸੋ-ਪੋਨੀ-ਤਰਯਾਥ ਇਲਾਕੇ ਦੀ ਕਈ ਪਾਸਿਓਂ ਘੇਰਾਬੰਦੀ ਕੀਤੀ ਗਈ ਹੈ। ਕੌਮੀ ਜਾਂਚ ਏਜੰਸੀ ਦੀ ਇਕ ਟੀਮ ਨੇ ਵੀ ਇਸ ਤਲਾਸ਼ੀ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਇਲਾਕੇ ਦੀ ਜਾਂਚ ਕੀਤੀ। ਉੱਧਰ, ਬੱਸ ਦੇ ਮਾਲਕ ਸੁਜਾਨ ਸਿੰਘ ਨੇ ਮੰਗ ਕੀਤੀ ਕਿ ਹਮਲੇ ਵਿੱਚ ਮਰਨ ਵਾਲੇ ਬੱਸ ਦੇ ਚਾਲਕ ਵਿਜੈ ਕੁਮਾਰ ਅਤੇ ਕੰਡਕਟਰ ਅਰੁਣ ਕੁਮਾਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਪੀੜਤਾਂ ਦੇ ਗਰੀਬ ਪਰਿਵਾਰਾਂ ਦਾ ਵਿਸ਼ੇਸ਼ ਖਿਆਲ ਰੱਖਣ ਅਤੇ ਸ਼ਿਵ ਖੋਰੀ ਰੂਟ ’ਤੇ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ। -ਪੀਟੀਆਈ
ਰਾਜਸਥਾਨ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ 50-50 ਲੱਖ ਮੁਆਵਜ਼ਾ ਦੇਣ ਦਾ ਐਲਾਨ ਕੀਤਾ
ਜੈਪੁਰ: ਰਾਜਸਥਾਨ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਹਮਲੇ ’ਚ ਮਾਰੇ ਗਏ ਚਾਰ ਵਿਅਕਤੀਆਂ ਦੇ ਦੋ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਨ੍ਹਾਂ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਠੇਕੇ ’ਤੇ ਨੌਕਰੀ ਦੇਣ ਅਤੇ ਇਕ-ਇਕ ਡੇਅਰੀ ਬੂਥ ਦੇਣ ਦਾ ਐਲਾਨ ਵੀ ਕੀਤਾ ਹੈ। -ਪੀਟੀਆਈ
ਕਠੂਆ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਇਕ ਅਤਿਵਾਦੀ ਹਲਾਕ
ਜੰਮੂ: ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਅੱਜ ਸ਼ਾਮ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ। ਉਪਰੰਤ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ ਇਕ ਅਤਿਵਾਦੀ ਨੂੰ ਹਲਾਕ ਕਰ ਦਿੱਤਾ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਬਾਕੀ ਛੁਪੇ ਹੋਏ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਜੰਮੂ ਖੇਤਰ ਵਿੱਚ ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਹਾਲ ਹੀ ਵਿੱਚ ਅਤਿਵਾਦੀਆਂ ਨੇ ਸ਼ਰਧਾਲੂਆਂ ਵਾਲੀ ਇਕ ਬੱਸ ’ਤੇ ਬੀਤੇ ਦਿਨ ਹਮਲਾ ਕਰ ਦਿੱਤਾ ਸੀ। ਪੁਲੀਸ ਦੇ ਇਕ ਤਰਜਮਾਨ ਨੇ ਦੱਸਿਆ ਕਿ ਅਤਿਵਾਦੀਆਂ ਨੇ ਹੀਰਾਨਗਰ ਖੇਤਰ ਵਿੱਚ ਕੂਟਾ ਮੋੜ ਕੋਲ ਸੈਦਾ ਸੁਖਲ ਪਿੰਡ ’ਤੇ ਹਮਲਾ ਕੀਤਾ। ਉਪਰੰਤ ਚਲਾਈ ਗਈ ਤਲਾਸ਼ੀ ਮੁਹਿੰਮ ਵਿੱਚ ਇਕ ਅਤਿਵਾਦੀ ਹਲਾਕ ਹੋ ਗਿਆ। -ਪੀਟੀਆਈ