* ਉੱਤਰ ਪ੍ਰਦੇਸ਼ ਵਿੱਚ ਅਖਿਲੇਸ਼ ਯਾਦਵ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਵੱਲੋਂ ਪੰਜ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਹੁਕਮ
* ਮੀਰਾਪੁਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੌਰਾਨ ਕਕਰੋਲੀ ਪਿੰਡ ’ਚ ਦੋ ਸਮੂਹਾਂ ਵਿਚਾਲੇ ਟਕਰਾਅ ਤੋਂ ਬਾਅਦ ਪਥਰਾਅ
ਨਵੀਂ ਦਿੱਲੀ, 20 ਨਵੰਬਰ
ਉੱਤਰ ਪ੍ਰਦੇਸ਼, ਪੰਜਾਬ, ਕੇਰਲ ਅਤੇ ਉੱਤਰਾਖੰਡ ਵਿੱਚ ਅੱਜ 15 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਹਿੰਸਾ ਦੀਆਂ ਛੁਟਪੁਟ ਘਟਨਾਵਾਂ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਅਨਿਯਮਤਾਵਾਂ ਤੇ ਸਰਕਾਰੀ ਮਸ਼ੀਨਰੀ ਦੇ ਗ਼ਲਤ ਇਸਤੇਮਾਲ ਦੀਆਂ ਸ਼ਿਕਾਇਤਾਂ ਵਿਚਾਲੇ ਸ਼ਾਮ 5 ਵਜੇ ਤੱਕ 50 ਤੋਂ 70 ਫ਼ੀਸਦ ਵੋਟਿੰਗ ਹੋਈ।
ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਪੁਲੀਸ ਅਧਿਕਾਰੀਆਂ ਖ਼ਿਲਾਫ਼ ਵੋਟਰ ਕਾਰਡ ਤੇ ਆਧਾਰ ਪਛਾਣ ਪੱਤਰ ਦੀ ਜਾਂਚ ਕਰਨ ਸਬੰਧੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਪੰਜ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ। ਚੋਣ ਅਧਿਕਾਰੀਆਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਦੇਰ ਸ਼ਾਮ ਤੱਕ ਕਰੀਬ 60 ਫ਼ੀਸਦ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉੱਧਰ, ਭਾਜਪਾ ਨੇ ਬੁਰਕਾ ਪਹਿਨਣ ਵਾਲੀਆਂ ਮਹਿਲਾ ਵੋਟਰਾਂ ਦੀ ਪਛਾਣ ਦੀ ਜਾਂਚ ਲਈ ਚੋਣ ਕਮਿਸ਼ਨ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ। ਇਸੇ ਦੌਰਾਨ ਯੂਪੀ ’ਚ ਮੀਰਾਪੁਰ ਵਿਧਾਨ ਸਭਾ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੌਰਾਨ ਕਕਰੋਲੀ ਪਿੰਡ ’ਚ ਦੋ ਸਮੂਹਾਂ ਵਿਚਾਲੇ ਟਕਰਾਅ ਤੋਂ ਬਾਅਦ ਪਥਰਾਅ ਹੋਇਆ।
ਉੱਤਰਾਖੰਡ ਵਿੱਚ ਰੁਦਰਪ੍ਰਿਆਗ ਜ਼ਿਲ੍ਹੇ ਵਿੱਚ ਪੈਂਦੀ ਕੇਦਾਰਨਾਥ ਸੀਟ ’ਤੇ ਸ਼ਾਮ 5 ਵਜੇ ਤੱਕ 56.78 ਫ਼ੀਸਦ ਮਤਦਾਨ ਹੋਇਆ। ਇਸੇ ਤਰ੍ਹਾਂ ਕੇਰਲਾ ਦੀ ਪਲੱਕੜ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਸਬੰਧੀ ਹੋਈ ਵੋਟਿੰਗ ਦੌਰਾਨ ਸ਼ਾਮ 6.49 ਵਜੇ ਤੱਕ 70.01 ਫੀਸਦ ਵੋਟਾਂ ਪਈਆਂ। ਇਸ ਵੇਲੇ ਤੱਕ 86 ਫੀਸਦ ਤੋਂ ਜ਼ਿਆਦਾ ਪੋਲਿੰਗ ਬੂਥਾਂ ’ਤੇ ਮਤਦਾਨ ਪੂਰਾ ਹੋ ਚੁੱਕਾ ਸੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। -ਪੀਟੀਆਈ