ਕੋਲਕਾਤਾ, 30 ਸਤੰਬਰ
ਪੱਛਮੀ ਬੰਗਾਲ ਅਸੈਂਬਲੀ ਦੀਆਂ ਤਿੰਨ ਸੀਟਾਂ ਭਵਾਨੀਪੁਰ, ਸ਼ਮਸ਼ੇਰਗੰਜ ਤੇ ਜਾਂਗੀਪੁਰ ਲਈ ਹੋਈ ਜ਼ਿਮਨੀ ਚੋਣ ਦਾ ਅਮਲ ਅੱਜ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਅਸੈਂਬਲੀ ਸੀਟ ਤੋਂ ਉਮੀਦਵਾਰ ਹਨ। ਸ਼ਾਮ ਪੰਜ ਵਜੇ ਤੱਕ ਇਸ ਸੀਟ ’ਤੇ 53.32 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਉਧਰ ਮੁਰਸ਼ਿਦਾਬਾਦ ਦੀ ਸ਼ਮਸ਼ੇਰਗੰਗ ਤੇ ਜਾਂਗੀਪੁਰ ਸੀਟਾਂ ’ਤੇ ਕ੍ਰਮਵਾਰ 78.60 ਫੀਸਦ ਤੇ 76.12 ਫੀਸਦ ਪੋਲਿੰਗ ਹੋੋਣ ਦੀਆਂ ਰਿਪੋਰਟਾਂ ਹਨ। ਅਪਰੈਲ-ਮਈ ਵਿੱਚ ਹੋਈਆਂ ਅਸੈਂਬਲੀ ਚੋਣਾਂ ਦੌਰਾਨ ਇਨ੍ਹਾਂ ਦੋਵਾਂ ਸੀਟਾਂ ’ਤੇ ਇਕ ਇਕ ਉਮੀਦਵਾਰ ਦੀ ਮੌਤ ਹੋਣ ਕਰਕੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ। ਚੋਣ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਲਈ ਕੁੱਲ ਮਿਲਾ ਕੇ 6,97,164 ਯੋਗ ਵੋਟਰ ਸਨ। ਵੋਟਿੰਗ ਸ਼ਾਮ 6 ਵਜੇ ਤੱਕ ਹੋਈ।
ਭਵਾਨੀਪੁਰ ਸੀਟ ਤੋਂ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਦਾ ਭਾਜਪਾ ਦੀ ਪ੍ਰਿਯੰਕਾ ਟਬਿਰੇਵਾਲ ਤੇ ਸੀਪੀਐੱਮ ਦੇ ਸ੍ਰੀਜਬਿ ਬਿਸਵਾਸ ਨਾਲ ਤਿਕੋਣਾ ਮੁਕਾਬਲਾ ਸੀ। ਬੈਨਰਜੀ ਨੇ ਅੱਜ ਮਿੱਤਰਾ ਇੰਸਟੀਚਿਊਸ਼ਨ ਸਕੂਲ ਵਿੱਚ ਬਣੇ ਪੋਲਿੰਗ ਬੂਥ ’ਤੇ ਵੋੋਟ ਪਾਈ। ਇਸ ਦੌਰਾਨ ਟਬਿਰੇਵਾਲ ਨੇ ਦਾਅਵਾ ਕੀਤਾ ਕਿ ਟੀਐੱਮਸੀ ਨੇ ਵਾਰਡ ਨੰਬਰ 72 ਵਿੱਚ ਪੋਲਿੰਗ ਦੇ ਅਮਲ ਵਿੱਚ ਅੜਿੱਕਾ ਪਾਇਆ ਤੇ ਸੂਬਾਈ ਮੰਤਰੀ ਫਿਰਹਾਦ ਹਾਕਿਮ ਤੇ ਸੁਬ੍ਰਤਾ ਮੁਖਰਜੀ ਨੇ ਹਲਕੇ ਦੇ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਭਾਜਪਾ ਨੇ ਚੋਣ ਕਮਿਸ਼ਨ ਕੋਲ ਹਾਕਿਮ ਤੇ ਮੁਖਰਜੀ ਦੀ ਸ਼ਿਕਾਇਤ ਵੀ ਕੀਤੀ ਹੈ। ਹਾਕਿਮ ਨੇ ਹਾਲਾਂਕਿ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਦੌਰਾਨ ਭਵਾਨੀਪੁਰ ਦੇ ਇਕ ਬੂਥ ਵਿੱਚ ਟੀਐੱਮਸੀ ਤੇ ਭਾਜਪਾ ਹਮਾਇਤੀਆਂ ਦਰਮਿਆਨ ਮਾਮੂਲੀ ਤਕਰਾਰ ਵੀ ਹੋਈ। -ਪੀਟੀਆਈ
ਉੜੀਸਾਵਿੱਚ 68.40 ਫੀਸਦ ਪੋਲਿੰਗ
ਪਿੱਪਲੀ(ਉੜੀਸਾ): ਉੜੀਸਾ ਦੇ ਪੁਰੀ ਜ਼ਿਲ੍ਹੇ ਵਿੱਚ ਪਿੱਪਲੀ ਅਸੈਂਬਲੀ ਹਲਕੇ ਲਈ ਹੋਈ ਜ਼ਿਮਨੀ ਚੋਣ ਵਿੱਚ 68.40 ਫੀਸਦ ਪੋਲਿੰਗ ਹੋਈ ਤੇ ਪੂਰਾ ਅਮਲ ਸ਼ਾਂਤੀਪੂਰਵਕ ਸਿਰੇ ਚੜ੍ਹ ਗਿਆ। ਮੁੱਖ ਚੋਣ ਅਧਿਕਾਰੀ ਐੱਸ.ਕੇ.ਲੋਹਾਨੀ ਨੇ ਕਿਹਾ ਕਿ ਹਲਕੇ ਵਿੱਚ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ 348 ਬੂਥਾਂ ’ਤੇ ਚੋਣ ਅਮਲ ਸਵੇਰੇ ਸੱਤ ਵਜੇ ਸ਼ੁਰੂ ਹੋਇਆ। ਇਸੇ ਦੌਰਾਨ ਕੁਝ ਬੂਥਾਂ ’ਤੇ ਈਵੀਐੱਮਜ਼ ’ਚ ਤਕਨੀਕੀ ਨੁਕਸ ਪੈਣ ਕਰਕੇ ਵੋਟਿੰਗ ਦੇਰ ਨਾਲ ਸ਼ੁਰੂ ਹੋਈ। ਵੋਟਿੰਗ ਦਾ ਅਮਲ ਸ਼ਾਮ 6 ਵਜੇ ਤੱਕ ਚੱਲਿਆ। ਇਸ ਦੌਰਾਨ 2000 ਤੋਂ ਵੱਧ ਸੁਰੱਖਿਆ ਕਰਮੀ ਵੋਟਿੰਗ ਬੂੁਥਾਂ ਦੇ ਬਾਹਰ ਤਾਇਨਾਤ ਰਹੇ। ਮੁੱਖ ਮੁਕਾਬਲਾ ਬੀਜੇਡੀ ਦੇ ਰੁਦਰਪ੍ਰਤਾਪ ਮਹਾਰਥੀ, ਭਾਜਪਾ ਦੇ ਆਸ਼ਰਿਤ ਪਟਨਾਇਕ ਤੇ ਕਾਂਗਰਸ ਦੇ ਬਿਸ਼ਵੋਕੇਸ਼ਨ ਹਰੀਚੰਦਨ ਮੋਹਾਪਾਤਰਾ ਦਰਮਿਆਨ ਹੈ। -ਪੀਟੀਆਈ