ਗੁਹਾਟੀ, 21 ਜੁਲਾਈ
ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸੀਏਏ ਤੇ ਐੱਨਆਰਸੀ ਦਾ ਹਿੰਦੂ-ਮੁਸਲਮਾਨ ’ਚ ਵੰਡੀਆਂ ਪਾਉਣ ਨਾਲ ਕੋਈ ਸਬੰਧ ਨਹੀਂ ਹੈ। ਸਿਰਫ ਸਿਆਸੀ ਲਾਹਾ ਲੈਣ ਲਈ ਇਸ ਨੂੰ ਫਿਰਕੂ ਰੰਗਤ ਦਿੱਤੀ ਗਈ ਹੈ। ਭਾਗਵਤ, ਜੋ ਕਿ ਅਸਾਮ ਦੇ ਦੋ ਦਿਨਾਂ ਦੌਰੇ ਹਨ, ਨੇ ਦਾਅਵਾ ਕੀਤਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨਾਲ ਕਿਸੇ ਵੀ ਮੁਸਲਮਾਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘ਆਜ਼ਾਦੀ ਮਗਰੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਵਿੱਚ ਘੱਟਗਿਣਤੀਆਂ ਦਾ ਖਿਆਲ ਰੱਖਿਆ ਜਾਵੇਗਾ ਤੇ ਉਹ ਹੁਣ ਤੱਕ ਰੱਖਿਆ ਜਾ ਰਿਹਾ ਹੈ ਤੇ ਅੱਗੇ ਵੀ ਇੰਝ ਹੀ ਰੱਖਿਆ ਜਾਂਦਾ ਰਹੇਗਾ।’ ਆਰਐੱਸਐੱਸ ਮੁਖੀ ਨੇ ਕਿਹਾ ਕਿ ਨਾਗਰਿਕਤਾ ਕਾਨੂੰਨ ਗੁਆਂਢੀ ਦੇਸ਼ਾਂ ਤੋਂ ਆਏ ਘੱਟਗਿਣਤੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਏਗਾ। ਇੱਥੇ ਇੱਕ ਕਿਤਾਬ ‘ਸਿਟੀਜ਼ਨਸ਼ਿਪ ਡਬਿੇਟ ਓਵਰ ਐੱਨਆਰਸੀ ਐਂਡ ਸੀਏਏ-ਆਸਾਮ ਐਂਡ ਦਿ ਪੌਲੀਟਿਕਸ ਹਿਸਟਰੀ’ ਰਿਲੀਜ਼ ਕਰਨ ਮਗਰੋਂ ਐੱਨਆਰਸੀ ਬਾਰੇ ਗੱਲ ਕਰਦਿਆਂ ਕਿਹਾ, ‘ਦੇਸ਼ਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਕੌਣ ਉਸ ਦੇ ਕਾਨੂੰਨੀ ਨਾਗਰਿਕ ਹਨ, ਉਨ੍ਹਾਂ ਕੋਲ ਕਿਹੜੇ ਦਸਤਾਵੇਜ਼ ਹਨ ਅਤੇ ਕਿਹੜੇ ਨਹੀਂ।’ -ਪੀਟੀਆਈ