ਨਵੀਂ ਦਿੱਲੀ, 29 ਸਤੰਬਰ
ਕੇਂਦਰੀ ਕੈਬਨਿਟ ਨੇ ਸਕੂਲਾਂ ’ਚ ‘ਪੀਐੱਮ ਪੋਸ਼ਣ’ ਯੋਜਨਾ ਲਾਗੂ ਕਰਨ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਪਕਿਆ ਹੋਇਆ ਭੋਜਨ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੌਜੂਦਾ ਮਿੱਡ ਡੇਅ ਮੀਲ ਯੋਜਨਾ ਨੂੰ ਪੀਐੱਮ ਪੋਸ਼ਣ ਸ਼ਕਤੀ ਨਿਰਮਾਣ ਯੋਜਨਾ ਨਾਲ ਰਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪੰਜ ਸਾਲਾਂ ਲਈ ਹੋਵੇਗੀ ਅਤੇ ਇਸ ’ਚ ਕੇਂਦਰ ਵੱਲੋਂ 54061.73 ਕਰੋੜ ਅਤੇ ਸੂਬਾ ਸਰਕਾਰ ਵੱਲੋਂ 31,733.17 ਕਰੋੜ ਰੁਪਏ ਦਾ ਯੋਗਦਾਨ ਪਾਇਆ ਜਾਵੇਗਾ। ਕੇਂਦਰ ਸਰਕਾਰ ਅਨਾਜ ’ਤੇ ਕਰੀਬ 45 ਹਜ਼ਾਰ ਕਰੋੜ ਰੁਪਏ ਦੀ ਵਾਧੂ ਲਾਗਤ ਦਾ ਬੋਝ ਵੀ ਸਹਿਣ ਕਰੇਗੀ। ਬਿਆਨ ਮੁਤਾਬਕ ਯੋਜਨਾ ਦਾ ਕੁੱਲ ਬਜਟ 1,30,794.90 ਕਰੋੜ ਰੁਪਏ ਹੋਵੇਗਾ। ਯੋਜਨਾ ਤਹਿਤ 11.20 ਲੱਖ ਸਕੂਲਾਂ ’ਚ ਪੜ੍ਹ ਰਹੇ 11.80 ਕਰੋੜ ਬੱਚਿਆਂ ਨੂੰ ਲਾਭ ਹੋਵੇਗਾ। ਕੈਬਨਿਟ ਮੀਟਿੰਗ ਦੌਰਾਨ ਗੁਜਰਾਤ ’ਚ ਰਾਜਕੋਟ-ਕਨਾਲਸ ਅਤੇ ਮੱਧ ਪ੍ਰਦੇਸ਼ ’ਚ ਨੀਮਚ-ਰਤਲਾਮ ਰੇਲਵੇ ਲਾਈਨ ਨੂੰ ਡਬਲ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਰਾਜਕੋਟ-ਕਨਾਲਸ ਪ੍ਰਾਜਕੈਟ ’ਤੇ ਅੰਦਾਜ਼ਨ 1,080.58 ਕਰੋੜ ਰੁਪਏ ਦੀ ਲਾਗਤ ਆਵੇਗੀ ਜਦਕਿ ਨੀਮਚ-ਰਤਲਾਮ ਪ੍ਰਾਜੈਕਟ ’ਤੇ 1,095.88 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਪ੍ਰਾਜੈਕਟ ਚਾਰ ਸਾਲਾਂ ’ਚ ਮੁਕੰਮਲ ਕੀਤਾ ਜਾਵੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਸਹੂਲਤ ਸ਼ੁਰੂ ਹੋਣ ਨਾਲ ਰੇਲ ਆਵਾਜਾਈ ’ਚ ਵਾਧਾ ਹੋਵੇਗਾ। -ਪੀਟੀਆਈ