ਨਵੀਂ ਦਿੱਲੀ, 31 ਅਕਤੂਬਰ
ਸਰਕਾਰ ਨਾਲ ਸਮਝੌਤੇ ਤੋਂ ਬਾਅਦ ਜ਼ਾਇਡਸ ਕੈਡਿਲਾ ਆਪਣੇ ਕੋਵਿਡ ਵਿਰੋਧੀ ਟੀਕੇ ਦੀ ਕੀਮਤ ਘਟਾ ਕੇ 265 ਰੁਪਏ ਪ੍ਰਤੀ ਖੁਰਾਕ ਕਰਨ ਲਈ ਸਹਿਮਤ ਹੋ ਗਈ ਹੈ ਪਰ ਅਜੇ ਆਖ਼ਰੀ ਸਮਝੌਤਾ ਨਹੀਂ ਹੋਇਆ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਜ਼ਾਇਡਸ ਕੈਡਿਲਾ ਦੀ ਜ਼ਾਇਕੋਵ-ਡੀ ਪਹਿਲੀ ਅਜਿਹੀ ਵੈਕਸੀਨ ਹੈ ਜਿਸ ਨੂੰ ਕਿ ਭਾਰਤ ਦੇ ਡਰੱਗ ਰੈਗੂਲੇਟਰ ਨੇ 12 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ। ਸੂਈ ਮੁਕਤ ਇਸ ਵੈਕਸੀਨ ਦੀ ਹਰੇਕ ਡੋਜ਼ ਲਗਾਉਣ ਲਈ 93 ਰੁਪਏ ਦੀ ਲਾਗਤ ਵਾਲੇ ਇਕ ਡਿਸਪੋਜ਼ੇਬਲ ਦਰਦ ਰਹਿਤ ਜੈੱਟ ਐਪਲੀਕੇਟਰ ਦੀ ਲੋੜ ਹੋਵੇਗੀ, ਜਿਸ ਨਾਲ ਇਸ ਦੀ ਕੀਮਤ 358 ਰੁਪਏ ਹੋ ਜਾਵੇਗੀ। ਇਕ ਸੂਤਰ ਨੇ ਕਿਹਾ ਸੀ ਕਿ ਅਹਿਮਦਾਬਾਦ ਸਥਿਤ ਦਵਾਈਆਂ ਦੀ ਇਸ ਕੰਪਨੀ ਨੇ ਪਹਿਲਾਂ ਆਪਣੀ ਤਿੰਨ ਖੁਰਾਕਾਂ ਵਾਲੀ ਦਵਾਈ ਲਈ 1900 ਰੁਪਏ ਦੀ ਕੀਮਤ ਦਾ ਪ੍ਰਸਤਾਵ ਦਿੱਤਾ ਸੀ। ਇਸ ਨਾਲ ਸਬੰਧਤ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ, ‘‘ਕੰਪਨੀ ਅਤੇ ਸਰਕਾਰ ਵਿਚਾਲੇ ਲਗਾਤਾਰ ਗੱਲਬਾਤ ਤੋਂ ਬਾਅਦ, ਟੀਕੇ ਦੀ ਹਰੇਕ ਖੁਰਾਕ ਦੀ ਕੀਮਤ 358 ਰੁਪਏ ਨਿਰਧਾਰਤ ਕੀਤੀ ਗਈ ਹੈ ਜਿਸ ਵਿਚ 93 ਰੁਪਏ ਦਾ ਇਕ ਡਿਸਪੋਜ਼ੇਬਲ ਜੈੱਟ ਐਪਲੀਕੇਟਰ ਵੀ ਸ਼ਾਮਲ ਹੈ। ਇਸ ਮਾਮਲੇ ਵਿਚ ਆਖ਼ਰੀ ਫ਼ੈਸਲਾ ਇਸੇ ਹਫ਼ਤੇ ਹੋਣ ਦੀ ਸੰਭਾਵਨਾ ਹੈ।’’ -ਪੀਟੀਆਈ