ਨਵੀਂ ਦਿੱਲੀ, 9 ਫਰਵਰੀ
ਬੈਂਕ ਮੁਲਾਜ਼ਮਾਂ ਦੀਆਂ ਨੌਂ ਯੂਨੀਅਨਾਂ ਦੇ ਸਾਂਝੇ ਮੰਚ ਯੂਨਾਈਟਿਡ ਫੌਰਮ ਆਫ ਬੈਂਕ ਯੂਨੀਅਨਜ਼ (ਯੂਐੱਫਬੀਯੂ) ਨੇ ਅੱਜ ਦੋ ਸਰਕਾਰੀ ਬੈਂਕਾਂ ਦੇ ਤਜਵੀਜ਼ਤ ਨਿੱਜੀਕਰਨ ਖ਼ਿਲਾਫ਼ 15 ਮਾਰਚ ਤੋਂ ਦੋ ਦਿਨਾ ਹੜਤਾਲ ਦਾ ਸੱਦਾ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਹਫ਼ਤੇ ਆਪਣੇ ਬਜਟ ਭਾਸ਼ਣ ਦੌਰਾਨ ਨਿਵੇਸ਼ ਨਾ ਕਰਨ ਸਬੰਧੀ ਯੋੋਜਨਾ ਤਹਿਤ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ। ਸਰਕਾਰ ਪਹਿਲਾਂ ਹੀ ਸਾਲ 2019 ਵਿੱਚ ਆਈਡੀਬੀਆਈ ਬੈਂਕ ਵਿੱਚ ਆਪਣੇ ਸ਼ੇਅਰਾਂ ਦੀ ਵੱਡੀ ਹਿੱਸੇਦਾਰੀ ਐੱਲਆਈਸੀ ਨੂੰ ਵੇਚ ਕੇ ਉਸ ਦਾ ਨਿੱਜੀਕਰਨ ਕਰ ਚੁੱਕੀ ਹੈ। ਨਾਲ ਹੀ ਪਿਛਲੇ ਚਾਰ ਸਾਲਾਂ ਵਿੱਚ ਸਰਕਾਰੀ ਖੇਤਰ ਦੇ 14 ਬੈਂਕਾਂ ਦਾ ਰਲੇਵਾਂ ਕੀਤਾ ਗਿਆ ਹੈ। ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਦੇ ਜਨਰਲ ਸਕੱਤਰ ਸੀਐੱਚ ਵੈਂਕਟਚਲਮ ਨੇ ਕਿਹਾ ਕਿ ਯੂਐੱਫਬੀਯੂ ਦੀ ਅੱਜ ਹੋਈ ਮੀਟਿੰਗ ਵਿੱਚ ਬੈਂਕਾਂ ਦੇ ਨਿੱਜੀਕਰਨ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। -ਪੀਟੀਆਈ