ਓਟਵਾ, 6 ਜੁਲਾਈ
ਕੈਨੇਡਾ ਦੀ ਸਰਕਾਰ ਦੇ ਖਾਲਿਸਤਾਨ ਪੱਖੀ ਇਕੱਠਾਂ ਅਤੇ ਦੇਸ਼ ਵਿੱਚ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਵਿੱਚ ਨਰਮੀ ਦੇ ਦੋਸ਼ਾਂ ਦਾ ਜੁਆਬ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਹਮੇਸ਼ਾ ਅਤਿਵਾਦ ਖ਼ਿਲਾਫ਼ ਗੰਭੀਰ ਕਾਰਵਾਈ ਕੀਤੀ ਹੈ ਅਤੇ ਅੱਗੇ ਵੀ ਕਰਦਾ ਰਹੇਗਾ। ਦੋ ਮਹੀਨਿਆਂ ਵਿੱਚ ਕੈਨੇਡਾ ਵਿੱਚ ਖਾਲਿਸਤਾਨੀ ਵੱਖਵਾਦੀਆਂ ਨਾਲ ਜੁੜੀਆਂ ਤਿੰਨ ਵੱਡੀਆਂ ਭਾਰਤ ਵਿਰੋਧੀ ਘਟਨਾਵਾਂ ਸਾਹਮਣੇ ਆਈਆਂ ਹਨ। ਕੈਨੇਡਾ ਨੂੰ ਵਿਭਿੰਨਤਾ ਵਾਲਾ ਦੇਸ਼ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਿੰਸਾ ਅਤੇ ਕੱਟੜਵਾਦ ਦੇ ਸਾਰੇ ਰੂਪਾਂ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ। ਸ੍ਰੀ ਟਰੂਡੋ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਉਹ ਅਤਿਵਾਦ ਪ੍ਰਤੀ ਨਰਮ ਹਨ।