ਨਵੀਂ ਦਿੱਲੀ, 24 ਅਕਤੂਬਰ
ਕੈਨੇਡਾ ਦੇ ਵਿਹਾਰ ਨੂੰ ਬਹੁਤ ਹੀ ਮਾੜਾ ਦਸਦਿਆਂ ਉੱਥੋਂ ਵਾਪਸ ਸੱਦੇ ਗਏ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਵਰਮਾ ਨੇ ਕਿਹਾ ਕਿ ਅਜਿਹਾ ਮੁਲਕ ਜਿਸ ਨੂੰ ਉਹ ਮਿੱਤਰ ਜਮਹੂਰੀ ਦੇਸ਼ ਮੰਨਦੇ ਸਨ, ਨੇ ਭਾਰਤ ਦੀ ਪਿੱਠ ’ਚ ਛੁਰਾ ਮਾਰਿਆ ਅਤੇ ਸਭ ਤੋਂ ਵੱਧ ਗ਼ੈਰ-ਪੇਸ਼ੇਵਰ ਰਵੱਈਆ ਅਪਣਾਇਆ।
ਉਨ੍ਹਾਂ ਪੀਟੀਆਈ ਨੂੰ ਕਿਹਾ ਕਿ ਮੁੱਠੀ ਭਰ ਖਾਲਿਸਤਾਨੀ ਹਮਾਇਤੀਆਂ ਨੇ ਇਸ ਵਿਚਾਰਧਾਰਾ ਨੂੰ ਅਪਰਾਧਿਕ ਕੰਪਨੀ ਬਣਾ ਦਿੱਤਾ ਹੈ ਜੋ ਮਨੁੱਖੀ ਤਸਕਰੀ ਤੇ ਹਥਿਆਰ ਤਸਕਰੀ ਜਿਹੀਆਂ ਕਈ ਗਤੀਵਿਧੀਆਂ ’ਚ ਸ਼ਾਮਲ ਹੈ ਅਤੇ ਇਸ ਸਭ ਦੇ ਬਾਵਜੂਦ ਕੈਨੇਡਾ ਦੀਆਂ ਅਥਾਰਿਟੀਆਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਕਿਉਂਕਿ ਸਥਾਨਕ ਆਗੂਆਂ ਲਈ ਅਜਿਹੇ ਕੱਟੜਪੰਥੀ ਵੋਟ ਬੈਂਕ ਹੁੰਦੇ ਹਨ। ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ’ਚ ਕਿਹਾ ਸੀ ਕਿ ਵਰਮਾ ਇਸ ਮਾਮਲੇ ’ਚ ਜਾਂਚ ਤਹਿਤ ‘ਨਿਗਰਾਨੀ ਦੀ ਸ਼੍ਰੇਣੀ’ ਵਿੱਚ ਹੈ ਪਰ ਕੈਨੇਡਾ ਦੀ ਅਗਲੀ ਕਾਰਵਾਈ ਤੋਂ ਪਹਿਲਾਂ ਹੀ ਭਾਰਤ ਨੇ ਵਰਮਾ ਤੇ ਪੰਜ ਹੋਰ ਕੂਟਨੀਤਕਾਂ ਨੂੰ ਵਾਪਸ ਸੱਦ ਲਿਆ ਸੀ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘ਇਹ ਬਹੁਤ ਹੀ ਘਟੀਆ ਗੱਲ ਹੈ। ਇਹ ਦੁਵੱਲੇ ਸਬੰਧਾਂ ਪ੍ਰਤੀ ਸਭ ਤੋਂ ਗ਼ੈਰ-ਪੇਸ਼ੇਵਰ ਰਵੱਈਆ ਹੈ। ਜੇ ਉਹ ਮੰਨਦੇ ਹਨ ਕਿ ਇਹ ਉਨ੍ਹਾਂ ਲਈ ਵੀ ਇੱਕ ਵੱਡਾ ਰਿਸ਼ਤਾ ਹੈ ਤਾਂ ਕੂਟਨੀਤਕਾਂ ਕੋਲ ਕਈ ਹੋਰ ਕੂਟਨੀਤਕ ਸਾਧਨ ਹੁੰਦੇ ਹਨ। ਮਸਲਿਆਂ ਦਾ ਤਸੱਲੀਬਖਸ਼ ਹੱਲ ਲੱਭਣ ਲਈ ਇਨ੍ਹਾਂ ਸਾਧਨਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ।’ -ਪੀਟੀਆਈ
ਖਾਲਿਸਤਾਨੀ ਕੱਟੜਵਾਦ ਨੂੰ ਗੰਭੀਰਤਾ ਨਾਲ ਲੈਣ ਏਜੰਸੀਆਂ: ਚੰਦਰ ਆਰੀਆ
ਓਟਵਾ:
ਭਾਰਤੀ ਮੂਲ ਦੇ ਕੈਨੇਡਿਆਈ ਸੰਸਦ ਮੈਂਬਰ ਨੇ ਕਿਹਾ ਹੈ ਕਿ ਖਾਲਿਸਤਾਨੀ ਹਿੰਸਕ ਕੱਟੜਵਾਦ ਇੱਕ ਕੈਨੇਡਿਆਈ ਸਮੱਸਿਆ ਹੈ ਅਤੇ ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਪ੍ਰਤੀਨਿਧੀ ਸਭਾ ’ਚ ਨੇਪੀਅਨ ਤੋਂ ਸੰਸਦ ਮੈਂਬਰ ਚੰਦਰ ਆਰੀਆ ਨੇ ਬੀਤੇ ਦਿਨ ਸਦਨ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਆਰੀਆ ਨੇ ਕਿਹਾ, ‘ਖਾਲਿਸਤਾਨੀ ਹਿੰਸਕ ਕੱਟੜਵਾਦ ਕੈਨੇਡਾ ਦੀ ਸਮੱਸਿਆ ਹੈ ਅਤੇ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਕਿਹਾ ਹੈ ਕਿ ਨੈਸ਼ਨਲ ਟਾਸਕ ਫੋਰਸ ਇਸ ਦੀ ਜਾਂਚ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।’ ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੱਟੜਵਾਦ ਤੇ ਅਤਿਵਾਦ ਕੌਮੀ ਸਰਹੱਦਾਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਕਿਹਾ, ‘ਮੈਂ ਸਾਡੀਆਂ ਕਾਨੂੰਨੀ ਏਜੰਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮੁੱਦੇ ਨੂੰ ਪੂਰੀ ਗੰਭੀਰਤਾ ਨਾਲ ਲੈਣ।’ -ਪੀਟੀਆਈ