ਨਵੀਂ ਦਿੱਲੀ, 2 ਨਵੰਬਰ
ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ’ਚ ਹੱਤਿਆ ਮਗਰੋਂ ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਚ ਲਗਾਤਾਰ ਨਿਘਾਰ ਆ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਕੈਨੇਡਾ ਦੇ ਮੰਤਰੀ ਵੱਲੋਂ ਕੀਤੀ ਟਿੱਪਣੀ ਕਾਰਨ ਭਾਰਤ ਨੇ ਸਖ਼ਤ ਸ਼ਬਦਾਂ ’ਚ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਮੰਤਰਾਲੇ ਨੇ ਸ਼ਾਹ ਖ਼ਿਲਾਫ਼ ਲਾਏ ਦੋਸ਼ਾਂ ਨੂੰ ਬੇਤੁਕਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੈਨੇਡੀਅਨ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਤਲਬ ਕਰਕੇ ਭਾਰਤ ਵੱਲੋਂ ਸਖ਼ਤ ਸ਼ਬਦਾਂ ’ਚ ਵਿਰੋਧ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਕੈਨੇਡਾ ਸਰਕਾਰ ਦੇ ਅਧਿਕਾਰੀਆਂ ਨੇ ਭਾਰਤ ਨੂੰ ਬਦਨਾਮ ਕਰਨ ਅਤੇ ਹੋਰ ਮੁਲਕਾਂ ਨੂੰ ਪ੍ਰਭਾਵਿਤ ਕਰਨ ਲਈ ਜਾਣਬੁੱਝ ਕੇ ਕੌਮਾਂਤਰੀ ਮੀਡੀਆ ਨੂੰ ਬੇਬੁਨਿਆਦ ਦੋਸ਼ ਲੀਕ ਕੀਤੇ ਹਨ।’’ ਜੈਸਵਾਲ ਨੇ ਕਿਹਾ ਕਿ ਅਜਿਹੇ ਗ਼ੈਰਜ਼ਿੰਮੇਵਾਰਾਨਾ ਬਿਆਨਾਂ ਨਾਲ ਦੁਵੱਲੇ ਸਬੰਧਾਂ ’ਤੇ ਗੰਭੀਰ ਅਸਰ ਪਵੇਗਾ। ਭਾਰਤੀ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਮੰਗਲਵਾਰ ਨੂੰ ਦੋਸ਼ ਲਾਇਆ ਸੀ ਕਿ ਸ਼ਾਹ ਨੇ ਉਨ੍ਹਾਂ ਦੇ ਮੁਲਕ ਅੰਦਰ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਹਿੰਸਾ ਤੇ ਧਮਕੀਆਂ ਦੇਣ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ। ਮੌਰੀਸਨ ਨੇ ਕੌਮੀ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੂੰ ਇਹ ਵੀ ਦੱਸਿਆ ਸੀ ਕਿ ਉਸ ਨੇ ‘ਵਾਸ਼ਿੰਗਟਨ ਪੋਸਟ’ ਕੋਲ ਸ਼ਾਹ ਦੇ ਨਾਮ ਦੀ ਪੁਸ਼ਟੀ ਕੀਤੀ ਸੀ। ਅਮਰੀਕੀ ਅਖ਼ਬਾਰ ’ਚ ਸ਼ਾਹ ’ਤੇ ਲਾਏ ਗਏ ਦੋਸ਼ਾਂ ਦੀ ਸਭ ਤੋਂ ਪਹਿਲਾਂ ਖ਼ਬਰ ਨਸ਼ਰ ਹੋਈ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਹੈ ਕਿ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦੇ ਉਨ੍ਹਾਂ ਕੋਲ ਪੁਖ਼ਤਾ ਸਬੂਤ ਹਨ। ਜੈਸਵਾਲ ਨੇ ਕੈਨੇਡਾ ’ਤੇ ਦੋਸ਼ ਲਾਇਆ ਕਿ ਉਹ ਭਾਰਤੀ ਕੌਂਸੁਲਰ ਅਮਲੇ ’ਤੇ ਆਡੀਓ ਤੇ ਵੀਡੀਓ ਨਿਗਰਾਨੀ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਧਮਕਾ ਵੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੂਟਨੀਤਕ ਰਵਾਇਤਾਂ ਦੀ ਘੋਰ ਉਲੰਘਣਾ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਮਾਮਲੇ ’ਚ ਕੈਨੇਡਾ ਸਰਕਾਰ ਕੋਲ ਰਸਮੀ ਤੌਰ ’ਤੇ ਵਿਰੋਧ ਜਤਾਇਆ ਹੈ। -ਪੀਟੀਆਈ
ਡੈਮਚੌਕ ਮਗਰੋਂ ਦੇਪਸਾਂਗ ਵਿੱਚ ਗਸ਼ਤ ਦੀ ਤਿਆਰੀ
ਨਵੀਂ ਦਿੱਲੀ: ਭਾਰਤੀ ਫੌਜ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਟਕਰਾਅ ਵਾਲੇ ਦੂਸਰੇ ਇਲਾਕੇ ਦੇਪਸਾਂਗ ’ਚ ਪੁਸ਼ਟੀ ਲਈ ਗਸ਼ਤ ਸ਼ੁਰੂ ਕਰ ਦਿੱਤੀ ਹੈ। ਪੂਰਬੀ ਲੱਦਾਖ ’ਚ ਟਕਰਾਅ ਵਾਲੇ ਦੋ ਇਲਾਕਿਆਂ (ਡੈਮਚੌਕ ਅਤੇ ਦੇਪਸਾਂਗ) ਤੋਂ ਭਾਰਤੀ ਅਤੇ ਚੀਨੀ ਫੌਜੀਆਂ ਦੇ ਪਿੱਛੇ ਹਟਣ ਦੇ ਇਕ ਦਿਨ ਮਗਰੋਂ ਸ਼ੁੱਕਰਵਾਰ ਨੂੰ ਡੈਮਚੌਕ ’ਚ ਗਸ਼ਤ ਮੁੜ ਤੋਂ ਸ਼ੁਰੂ ਹੋ ਗਈ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਫੌਜੀਆਂ ਨੂੰ ਪਿੱਛੇ ਹਟਾਉਣ ’ਤੇ ਚੀਨ ਨਾਲ ਸਮਝੌਤੇ ਮਗਰੋਂ ਡੈਮਚੌਕ ਅਤੇ ਦੇਪਸਾਂਗ ’ਚ ਆਪਸੀ ਸਹਿਮਤੀ ਵਾਲੀਆਂ ਸ਼ਰਤਾਂ ਦੀ ਪੁਸ਼ਟੀ ਲਈ ਗਸ਼ਤ ਸ਼ੁਰੂ ਕਰ ਦਿੱਤੀ ਗਈ ਹੈ। ਫੌਜੀਆਂ ਦੀ ਵਾਪਸੀ ਪੂਰੀ ਹੋਣ ਮਗਰੋਂ ਦੀਵਾਲੀ ਮੌਕੇ ਅਸਲ ਕੰਟਰੋਲ ਰੇਖਾ ’ਤੇ ਕਈ ਇਲਾਕਿਆਂ ’ਚ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ ਸੀ। -ਪੀਟੀਆਈ
ਕੰਪਨੀਆਂ ’ਤੇ ਪਾਬੰਦੀ ਬਾਰੇ ਅਮਰੀਕਾ ਦੇ ਸੰਪਰਕ ’ਚ ਹੈ ਭਾਰਤ
ਨਵੀਂ ਦਿੱਲੀ: ਰੂਸੀ ਫੌਜੀ-ਸਨਅਤੀ ਅਦਾਰਿਆਂ ਦੀ ਕਥਿਤ ਤੌਰ ’ਤੇ ਹਮਾਇਤ ਕਰਨ ਨੂੰ ਲੈ ਕੇ ਅਮਰੀਕਾ ਵੱਲੋਂ ਕਈ ਭਾਰਤੀ ਕੰਪਨੀਆਂ ’ਤੇ ਪਾਬੰਦੀ ਲਾਉਣ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਨਵੀਂ ਦਿੱਲੀ ਮੁੱਦਿਆਂ ਨੂੰ ਸਪੱਸ਼ਟ ਕਰਨ ਲਈ ਵਾਸ਼ਿੰਗਟਨ ਦੇ ਸੰਪਰਕ ’ਚ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ ਕੋਲ ਰਣਨੀਤਕ ਵਪਾਰ ਅਤੇ ਅਪਾਸਾਰ ਕੰਟਰੋਲ ਨਾਲ ਸਿੱਝਣ ਲਈ ਮਜ਼ਬੂਤ ਕਾਨੂੰਨੀ ਅਤੇ ਰੈਗੁਲੇਟਰੀ ਢਾਂਚਾ ਹੈ। ਉਨ੍ਹਾਂ ਕਿਹਾ, ‘‘ਅਸੀਂ ਤਿੰਨ ਅਹਿਮ ਬਹੁ-ਧਿਰੀ ਅਪਾਸਾਰ ਬਰਾਮਦ ਕੰਟਰੋਲ ਪ੍ਰਬੰਧ ਦੇ ਵੀ ਮੈਂਬਰ ਹਾਂ।’’ ਜੈਸਵਾਲ ਨੇ ਕਿਹਾ ਕਿ ਭਾਰਤ ਦੀ ਬਣੀ ਹੋਈ ਸਾਖ ਨੂੰ ਦੇਖਦਿਆਂ ਸਾਰੇ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨਾਲ ਭਾਰਤੀ ਕੰਪਨੀਆਂ ਨੂੰ ਤੈਅਸ਼ੁਦਾ ਬਰਾਮਦ ਕੰਟਰੋਲ ਪ੍ਰਬੰਧਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਨ੍ਹਾਂ ਨਾਲ ਭਾਰਤੀ ਕੰਪਨੀਆਂ ’ਤੇ ਅਸਰ ਪੈ ਸਕਦਾ ਹੈ। ਅਮਰੀਕਾ ਨੇ ਰੂਸ ਦੇ ਫੌਜੀ-ਸਨਅਤੀ ਅਦਾਰਿਆਂ ਦੀ ਕਥਿਤ ਤੌਰ ’ਤੇ ਹਮਾਇਤ ਕਰਨ ਨੂੰ ਲੈ ਕੇ 275 ਵਿਅਕਤੀਆਂ ਅਤੇ ਕੰਪਨੀਆ ’ਤੇ ਪਾਬੰਦੀ ਲਾਈ ਹੈ, ਜਿਨ੍ਹਾਂ ’ਚ 15 ਭਾਰਤ ਤੋਂ ਹਨ। ਅਮਰੀਕੀ ਵਿੱਤ ਵਿਭਾਗ ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਰੂਸ ਨੂੰ ਆਧੁਨਿਕ ਤਕਨਾਲੋਜੀ ਅਤੇ ਉਪਕਰਣਾਂ ਦੀ ਸਪਲਾਈ ਕਾਰਨ ਚੀਨ, ਸਵਿੱਟਜ਼ਰਲੈਂਡ, ਥਾਈਲੈਂਡ ਅਤੇ ਤੁਰਕੀ ਦੀਆਂ ਕੰਪਨੀਆਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਜੈਸਵਾਲ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਅਮਰੀਕੀ ਪਾਬੰਦੀਆਂ ਨਾਲ ਸਬੰਧਤ ਰਿਪੋਰਟ ਦੇਖੀ ਹੈ। ਉਨ੍ਹਾਂ ਕਿਹਾ ਕਿ ਭਾਰਤ ਮੁੱਦਿਆਂ ਨੂੰ ਸਪੱਸ਼ਟ ਕਰਨ ਲਈ ਅਮਰੀਕੀ ਅਧਿਕਾਰੀਆਂ ਦੇ ਸੰਪਰਕ ’ਚ ਹੈ। -ਪੀਟੀਆਈ
ਅਮਰੀਕਾ ਦੇ ਸਹਿਯੋਗ ਨਾਲ ਗ਼ੈਰਕਾਨੂੰਨੀ ਪਰਵਾਸੀਆਂ ’ਤੇ ਨੱਥ ਪਾਉਣ ਦੀ ਆਸ
ਨਵੀਂ ਦਿੱਲੀ: ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤੇ ਜਾਣ ਦੇ ਕੁਝ ਦਿਨਾਂ ਮਗਰੋਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਅੱਜ ਆਸ ਜਤਾਈ ਕਿ ਭਾਰਤ-ਅਮਰੀਕਾ ਸਹਿਯੋਗ ਨਾਲ ਗ਼ੈਰਕਾਨੂੰਨੀ ਪਰਵਸੀਆਂ ’ਤੇ ਨੱਥ ਪਾਈ ਜਾ ਸਕੇਗੀ। ਜੈਸਵਾਲ ਨੇ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਨਾਲ ਇਸ ਸਬੰਧ ’ਚ ਨਿਯਮਤ ਤੌਰ ’ਤੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਪਰਵਾਸ ਦੇ ਹੋਰ ਮੌਕੇ ਵਧਾਉਣ ਲਈ ਅਮਰੀਕਾ ਨਾਲ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਹੈ। -ਪੀਟੀਆਈ
ਕੈਨੇਡਾ ਨੇ ਸਾਈਬਰ ਖ਼ਤਰੇ ਦੀ ਸੂਚੀ ਵਿੱਚ ਭਾਰਤ ਦਾ ਨਾਮ ਜੋੜਿਆ
ਓਟਵਾ, 2 ਨਵੰਬਰ
ਕੈਨੇਡਾ ਨੇ ਪਹਿਲੀ ਵਾਰ ਭਾਰਤ ਦਾ ਨਾਮ ਸਾਈਬਰ ਖ਼ਤਰੇ ਵਾਲੇ ਵਿਰੋਧੀਆਂ ਦੀ ਸੂਚੀ ’ਚ ਰੱਖਿਆ ਹੈ ਜੋ ਦਰਸਾਉਂਦਾ ਹੈ ਕਿ ਸਰਕਾਰ ਵੱਲੋਂ ਸ਼ਹਿ ਪ੍ਰਾਪਤ ਕੁਝ ਅਨਸਰ ਕੈਨੇਡਾ ਖ਼ਿਲਾਫ਼ ਜਾਸੂਸੀ ਕਰ ਸਕਦੇ ਹਨ। ਦੋਹਾਂ ਮੁਲਕਾਂ ਵਿਚਕਾਰ ਚੱਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਕੌਮੀ ਸਾਈਬਰ ਖ਼ਤਰਾ ਮੁਲਾਂਕਣ (2025-26) ਰਿਪੋਰਟ ’ਚ ਚੀਨ, ਰੂਸ, ਇਰਾਨ ਅਤੇ ਉੱਤਰ ਕੋਰੀਆ ਮਗਰੋਂ ਭਾਰਤ ਦਾ ਨਾਮ ਪੰਜਵੇਂ ਨੰਬਰ ’ਤੇ ਹੈ। ਰਿਪੋਰਟ ’ਚ ਕਿਹਾ ਗਿਆ ਹੈ, ‘‘ਅਸੀਂ ਸਮਝਦੇ ਹਾਂ ਕਿ ਭਾਰਤ ਸਰਕਾਰ ਦੀ ਸ਼ਹਿ ’ਤੇ ਕੁਝ ਅਨਸਰ ਕੈਨੇਡਾ ਸਰਕਾਰ ਦੇ ਨੈੱਟਵਰਕ ਖ਼ਿਲਾਫ਼ ਸਾਈਬਰ ਖ਼ਤਰਾ ਸਰਗਰਮੀਆਂ ਨੂੰ ਅੰਜਾਮ ਦੇ ਸਕਦੇ ਹਨ।’’ ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਹੈ ਜਦੋਂ ਕੈਨੇਡਿਆਈ ਸਿੱਖ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਤੇ ਦੋਵੇਂ ਮੁਲਕਾਂ ਵਿਚਕਾਰ ਰਿਸ਼ਤਿਆਂ ’ਚ ਤਣਾਅ ਚੱਲ ਰਿਹਾ ਹੈ। ਕੈਨੇਡਾ ’ਚ ਵਿਅਕਤੀਆਂ ਅਤੇ ਸੰਗਠਨਾਂ ਨੂੰ ਦਰਪੇਸ਼ ਸਾਈਬਰ ਖ਼ਤਰਿਆਂ ’ਤੇ ਰੌਸ਼ਨੀ ਪਾਉਣ ਵਾਲੀ ਰਿਪੋਰਟ 30 ਅਕਤੂਬਰ ਨੂੰ ਕੈਨੇਡੀਅਨ ਸੈਂਟਰ ਫਾਰ ਸਾਈਬਰ ਸਕਿਉਰਿਟੀ ਵੱਲੋਂ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ 2018, 2022 ਅਤੇ 2023-24 ਦੀ ਕੌਮੀ ਸਾਈਬਰ ਖ਼ਤਰਾ ਮੁਲਾਂਕਣ ਰਿਪੋਰਟਾਂ ’ਚ ਭਾਰਤ ਦਾ ਕੋਈ ਜ਼ਿਕਰ ਨਹੀਂ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਆਪਣੇ ਸਾਈਬਰ ਪ੍ਰੋਗਰਾਮ ਦੀ ਵਰਤੋਂ ਕੌਮੀ ਸੁਰੱਖਿਆ ਲੋੜਾਂ ਨੂੰ ਅੱਗੇ ਵਧਾਉਣ ਲਈ ਕਰਦਾ ਹੈ ਜਿਸ ’ਚ ਜਾਸੂਸੀ, ਅਤਿਵਾਦ ਦਾ ਟਾਕਰਾ ਅਤੇ ਭਾਰਤ ਸਰਕਾਰ ਖ਼ਿਲਾਫ਼ ਆਪਣੀ ਆਲਮੀ ਸਥਿਤੀ ਤੇ ਜਵਾਬੀ ਬਿਆਨਬਾਜ਼ੀ ਨੂੰ ਹੱਲਾਸ਼ੇਰੀ ਦੇਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਉਧਰ ਭਾਰਤ ਨੇ ਕੈਨੇਡਾ ਵੱਲੋਂ ਮੁਲਕ ਨੂੰ ਸਾਈਬਰ ਖ਼ਤਰੇ ਵਾਲੇ ਮੁਲਕਾਂ ਦੀ ਸੂਚੀ ’ਚ ਰੱਖੇ ਜਾਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ‘ਮੁਲਕ ’ਤੇ ਹਮਲੇ’ ਦੀ ਕੈਨੇਡੀਅਨ ਰਣਨੀਤੀ ਦੀ ਇਕ ਹੋਰ ਮਿਸਾਲ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕੈਨੇਡਾ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਰੇਆਮ ਕਬੂਲਿਆ ਹੈ ਕਿ ਉਹ ਭਾਰਤ ਖ਼ਿਲਾਫ਼ ਆਲਮੀ ਰਾਏ ਨੂੰ ਬਦਲਣਾ ਚਾਹੁੰਦੇ ਹਨ ਜਿਵੇਂ ਕਿ ਉਹ ਹੋਰ ਮੌਕਿਆਂ ’ਤੇ ਬਿਨਾਂ ਕਿਸੇ ਸਬੂਤਾਂ ਦੇ ਦੋਸ਼ ਲਾਉਂਦੇ ਆ ਰਹੇ ਹਨ। -ਪੀਟੀਆਈ