ਨਵੀਂ ਦਿੱਲੀ: ਆਲ ਇੰਡੀਆ ਇੰਸੀਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ਨੇ ਅਯੁੱਧਿਆ ਦੇ ਰਾਮ ਮੰਦਰ ’ਚ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਓਪੀਡੀ ਸੇਵਾਵਾਂ ਦੁਪਹਿਰ ਢਾਈ ਵਜੇ ਤੱਕ ਬੰਦ ਰੱਖਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ ਅਤੇ ਹੁਣ ਸੋਮਵਾਰ ਨੂੰ ਸੰਸਥਾ ’ਚ ਓਪੀਡੀ ਖੁੱਲ੍ਹੀ ਰਹੇਗੀ। ਏਮਸ ਨੇ ਇੱਕ ਨਵੇਂ ਮੈਮੋਰੰਡਮ ’ਚ ਦੱਸਿਆ, ‘‘ਹਸਪਤਾਲ ਦੀ ਓਪੀਡੀ ਨਿਰਧਾਰਿਤ ਤਰੀਕ ਨੂੰ ਹਸਪਤਾਲ ਆਉਣ ਵਾਲੇ ਮਰੀਜ਼ਾਂ ਲਈ ਖੁੱਲ੍ਹੀ ਰਹੇਗੀ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਅਤੇ ਮੈਡੀਕਲ ਸੇਵਾਵਾਂ ਮਿਲ ਸਕਣ।’’ ਇਸੇ ਦੌਰਾਨ ਲੇਡੀ ਹਾਰਡਿੰਗ ਮੈਡੀਕਲ ਕਾਲਜ ਨੇ ਵੀ ਐਲਾਨ ਕੀਤਾ ਕਿ ਸੋਮਵਾਰ ਨੂੰ ਓਪੀਡੀ ਅਤੇ ਐਮਰਜੈਂਸੀ ਸਣੇ ਸਾਰੀਆਂ ਸੇਵਾਵਾਂ ਸਾਰਾ ਦਿਨ ਜਾਰੀ ਰਹਿਣਗੀਆਂ। -ਪੀਟੀਆਈ