ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ ’ਚ ਡਾਕਟਰਾਂ ਨੂੰ ਇਹ ਹਦਾਇਤ ਦੇਣ ਦੀ ਅਪੀਲ ਕੀਤੀ ਗਈ ਸੀ ਕਿ ਉਹ ਮਰੀਜ਼ਾਂ ਨੂੰ ਲਿਖੀ ਦਵਾਈ ਨਾਲ ਜੁੜੇ ਹਰ ਤਰ੍ਹਾਂ ਦੇ ਸੰਭਾਵਿਤ ਜੋਖਮਾਂ ਅਤੇ ਮਾੜੇ ਅਸਰਾਂ ਬਾਰੇ ਜਾਣਕਾਰੀ ਦੇਣ। ਦਿੱਲੀ ਹਾਈ ਕੋਰਟ ਵੱਲੋਂ 15 ਮਈ ਨੂੰ ਖਾਰਜ ਅਰਜ਼ੀ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਗਈ ਸੀ। ਜਸਟਿਸ ਬੀਆਰ ਗਵਈ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਇਹ ਵਿਹਾਰਕ ਨਹੀਂ ਹੈ। ਪਟੀਸ਼ਨਰ ਜੈਕਬ ਵਡੱਕਨਚੇਰੀ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਕਿ ਅਰਜ਼ੀ ’ਚ ਅਹਿਮ ਮੁੱਦਾ ਚੁੱਕਿਆ ਗਿਆ ਹੈ ਕਿ ਕੀ ਡਾਕਟਰਾਂ ਨੂੰ ਮਰੀਜ਼ਾਂ ਨੂੰ ਲਿਖੀਆਂ ਜਾ ਰਹੀਆਂ ਦਵਾਈਆਂ ਦੇ ਸੰਭਾਵਿਤ ਮਾੜੇ ਅਸਰਾਂ ਬਾਰੇ ਸੂਚਿਤ ਕਰਨ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਬੈਂਚ ਨੇ ਕਿਹਾ ਕਿ ਜੇ ਇਸ ਦਾ ਪਾਲਣ ਕੀਤਾ ਗਿਆ ਤਾਂ ਇਕ ਡਾਕਟਰ 10-15 ਤੋਂ ਵਧ ਮਰੀਜ਼ਾਂ ਦਾ ਇਲਾਜ ਨਹੀਂ ਕਰ ਸਕੇਗਾ। -ਪੀਟੀਆਈ