* ਜੀਐੱਸਟੀ ਕੌਂਸਲ ਦੀ 54ਵੀਂ ਬੈਠਕ ਵਿਚ ਹੋਇਆ ਫ਼ੈਸਲਾ
* ਨਮਕੀਨਾਂ ਤੇ ਕੇਦਾਰਨਾਥ ਦੀ ਤੀਰਥ ਯਾਤਰਾ ਲਈ ਹੈਲੀਕਾਪਟਰ ਰਾਈਡ ਲਈ ਟੈਕਸ ਦਰਾਂ ’ਚ ਕਟੌਤੀ
ਨਵੀਂ ਦਿੱਲੀ, 9 ਸਤੰਬਰ
ਜੀਐੱਸਟੀ ਕੌਂਸਲ ਸਿਹਤ ਤੇ ਜੀਵਨ ਬੀਮਾ ਪਾਲਿਸੀਆਂ ਦੇ ਪ੍ਰੀਮੀਅਮਾਂ ’ਤੇ ਟੈਕਸ ਦਰਾਂ ਘਟਾਉਣ ਬਾਰੇ ਫੈਸਲਾ ਨਵੰਬਰ ਵਿਚ ਹੋਣ ਵਾਲੀ ਅਗਲੀ ਬੈਠਕ ਵਿਚ ਲਏਗੀ। ਵਿਰੋਧੀ ਧਿਰਾਂ ਨੇ ਪਿਛਲੇ ਸੰਸਦੀ ਇਜਲਾਸ ਦੌਰਾਨ ਇਹ ਮੁੱਦਾ ਰੱਖਿਆ ਸੀ। ਕੌਂਸਲ ਨੇ ਕੈਂਸਰ ਦੀਆਂ ਕੁਝ ਦਵਾਈਆਂ, ਕੇਦਾਰਨਾਥ ਦੀ ਤੀਰਥ ਯਾਤਰਾ ਲਈ ਹੈਲੀਕਾਪਟਰ ਰਾਈਡ ਤੇ ਨਮਕੀਨਾਂ ’ਤੇ ਜੀਐੱਸਟੀ ਦੀ ਕਟੌਤੀ ਦਾ ਫੈਸਲਾ ਲਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੀਐੱਸਟੀ ਕੌਂਸਲ ਦੀ ਅੱਜ ਹੋਈ 54ਵੀਂ ਬੈਠਕ ਵਿਚ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੀਵਨ ਤੇ ਸਿਹਤ ਬੀਮਾ ਪਾਲਿਸੀਆਂ ਦੇ ਪ੍ਰੀਮੀਅਮਾਂ ’ਤੇ ਲੱਗਦੇ ਜੀਐੱਸਟੀ ’ਤੇ ਨਜ਼ਰਸਾਨੀ ਲਈ ਮੰਤਰੀਆਂ ਦਾ ਸਮੂਹ ਕਾਇਮ ਕੀਤਾ ਜਾਵੇਗਾ। ਸਿਹਤ ਤੇ ਜੀਵਨ ਬੀਮਾ ਪਾਲਿਸੀਆਂ ’ਤੇ ਇਸ ਵੇਲੇ 18 ਫੀਸਦ ਟੈਕਸ ਲੱਗਦਾ ਹੈ ਤੇ ਬਹੁਤੇ ਰਾਜ ਇਸ ਦਰ ਨੂੰ ਘਟਾਉਣ ਬਾਰੇ ਇਕਮਤ ਹਨ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ ਨੂੰ ਇਸ ਮਹੀਨੇ ਦੇ ਅੰਤ ਤੱਕ ਇਸ ਮੁੱਦੇ ਬਾਰੇ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਸੀਤਾਰਮਨ ਨੇ ਕਿਹਾ ਕਿ ਜੀਐੱਸਟੀ ਕੌਂਸਲ ਮੰਤਰੀ ਸਮੂਹ ਦੀ ਰਿਪੋਰਟ ਜਮ੍ਹਾਂ ਕੀਤੇ ਜਾਣ ਤੋਂ ਬਾਅਦ ਕੋਈ ਫੈਸਲਾ ਲਏਗੀ।
ਵਿੱਤ ਮੰਤਰੀ ਨੇ ਕਿਹਾ ਕਿ ਲਗਜ਼ਰੀ(ਮਹਿੰਗੀਆਂ ਕਾਰਾਂ, ਮੋਟਰਸਾਈਕਲ, ਏਸੀ/ਫਰਿੱਜ) ਤੇ ਸਿਨ ਗੁੱਡਜ਼ (ਸਿਗਰੇਟਾਂ ਤੇ ਗੈਸ ਵਾਲੀਆਂ ਡਰਿੰਕਸ) ’ਤੇ ਲੱਗਦੀ ਚੁੰਗੀ ਤੋਂ ਇਕੱਤਰ ਮਾਲੀਏ ਨੂੰ ਕਿੱਥੇ ਲਾਉਣ ਬਾਰੇ ਫੈਸਲਾ ਇਕ ਵੱਖਰੇ ਮੰਤਰੀ ਸਮੂਹ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਂਸਲ ਨੇ ਆਪਣੀ ਬੈਠਕ ਦੌਰਾਨ ਕੈਂਸਰ ਦੀਆਂ ਕੁਝ ਦਵਾਈਆਂ, ਕੇਦਾਰਨਾਥ ਦੀ ਤੀਰਥ ਯਾਤਰਾ ਲਈ ਹੈਲੀਕਾਪਟਰ ਦੀ ਰਾਈਡ ਤੇ ਨਮਕੀਨਾਂ ’ਤੇ ਜੀਐੱਸਟੀ ਦੀ ਕਟੌਤੀ ਦਾ ਫੈਸਲਾ ਲਿਆ ਹੈ। ਇਸੇ ਤਰ੍ਹਾਂ ਇਕ ਹੋਰ ਫੈਸਲੇ ਵਿਚ ਕੌਂਸਲ ਨੇ ਹੈਲੀਕਾਪਟਰ ਜ਼ਰੀਏ ਯਾਤਰੀਆਂ ਦੀ ਢੋਆ-ਢੁਆਈ ’ਤੇ ਲੱਗਦਾ ਜੀਐੱਸਟੀ 5 ਫੀਸਦ ਘਟਾਉਣ ਤੇ ਪਿਛਲੇ ਅਰਸੇ ਲਈ ‘ਜਿਵੇਂ ਹੈ ਜਿੱਥੇ ਹੈ’ ਦੇ ਅਧਾਰ ’ਤੇ ਜੀਐੱਸਟੀ ਨੂੰ ਨਿਯਮਤ ਕਰਨ ਦਾ ਫੈਸਲਾ ਕੀਤਾ ਹੈ। ਕੌਂਸਲ ਨੇ ਸਾਫ਼ ਕਰ ਦਿੱਤਾ ਕਿ ਹੈਲੀਕਾਪਟਰਾਂ ਦੇ ਚਾਰਟਰ ’ਤੇ 18 ਫੀਸਦ ਜੀਐੱਸਟੀ ਜਾਰੀ ਰਹੇਗਾ। ਕੈਂਸਰ ਦਵਾਈਆਂ ’ਤੇ ਲੱਗਦੇ 12 ਫੀਸਦ ਜੀਐੱਸਟੀ ਨੂੰ ਘਟਾ ਕੇ 5 ਫੀਸਦ, ਜਦੋਂਕਿ ਕੁਝ ਨਮਕੀਨਾਂ ’ਤੇ ਜੀਐੱਸਟੀ 18 ਫੀਸਦ ਤੋਂ ਘਟਾ ਕੇ 12 ਫੀਸਦ ਕਰ ਦਿੱਤਾ ਹੈ। -ਪੀਟੀਆਈ
ਆਨਲਾਈਨ ਗੇਮਿੰਗ ਬਾਰੇ ਮੰਤਰੀ ਸਮੂਹ ਦੀ ਰਿਪੋਰਟ ’ਤੇ ਵਿਚਾਰ ਚਰਚਾ
ਕੌਂਸਲ ਨੇ ਟੈਕਸ ਦਰਾਂ ਤਰਕਸੰਗਤ ਬਣਾਉਣ ਤੇ ਆਨਲਾਈਨ ਗੇਮਿੰਗ ਬਾਰੇ ਮੰਤਰੀ ਸਮੂਹ ਦੀ ਰਿਪੋਰਟ ’ਤੇ ਵੀ ਵਿਚਾਰ ਚਰਚਾ ਕੀਤੀ। ਪਹਿਲੀ ਅਕਤੂਬਰ 2023 ਤੋਂ ਆਨਲਾਈਨ ਗੇਮਿੰਗ ਪਲੈਟਫਾਰਮਾਂ ਤੇ ਕੈਸੀਨੋਜ਼ ਵਿਚ ਐਂਟਰੀ-ਲੈਵਲ ਸ਼ਰਤਾਂ ’ਤੇ 28 ਫੀਸਦ ਜੀਐੱਸਟੀ ਲੱਗਦਾ ਸੀ। ਇਸ ਤੋਂ ਪਹਿਲਾਂ ਕਈ ਆਨਲਾਈਨ ਗੇਮਿੰਗ ਕੰਪਨੀਆਂ ਨੇ ਇਹ ਕਹਿੰਦਿਆਂ 28 ਫੀਸਦ ਜੀਐੱਸਟੀ ਅਦਾ ਕਰਨ ਤੋਂ ਨਾਂਹ ਕਰ ਦਿੱਤੀ ਸੀ ਕਿ ਸਕਿੱਲ ਤੇ ਚਾਂਸ ਨਾਲ ਜੁੜੀਆਂ ਗੇਮਾਂ ਲਈ ਵੱਖੋ ਵੱਖਰੀਆਂ ਟੈਕਸ ਦਰਾਂ ਹਨ। ਇਸ ਮਗਰੋਂ ਕੌਂਸਲ ਨੇ ਆਨਲਾਈਨ ਗੇਮਿੰਗ ਸੈਕਟਰ ਲਈ ਟੈਕਸੇਸ਼ਨ ’ਤੇ ਨਜ਼ਰਸਾਨੀ ਦਾ ਫੈਸਲਾ ਕੀਤਾ ਸੀ।