ਨਵੀਂ ਦਿੱਲੀ: ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਹਮੀਦ ਕਾਰਾ ਨੇ ਅੱਜ ਕਿਹਾ ਕਿ ਵਿਧਾਨ ਸਭਾ ਚੋਣਾਂ ਸਿਰਫ਼ ਸਰਕਾਰ ਬਣਾਉਣ ਲਈ ਜਾਂ ਆਗੂਆਂ ਨੂੰ ਐਡਜਸਟ ਕਰਨ ਲਈ ਨਹੀਂ ਬਲਕਿ ‘ਰਾਜ ਤੇ ਅਸੈਂਬਲੀ ਦੀਆਂ ਤਾਕਤਾਂ ਦੀ ਬਹਾਲੀ’ ਤੇ ‘ਸਾਡੇ ਗੁਆਚੇ ਮਾਣ’ ਨੂੰ ਬਹਾਲ ਕਰਨ ਲਈ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਕਾਂਗਰਸ-ਐੱਨਸੀ ਗੱਠਜੋੜ ਦੀ ਸਰਕਾਰ ਬਣਨ ’ਤੇ ਮੁੱਖ ਮੰਤਰੀ ਨੈਸ਼ਨਲ ਕਾਨਫਰੰਸ ਦਾ ਹੋਣ ਜਾਂ ਨਾ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਕਾਰਾ ਨੇ ਕਿਹਾ, ‘‘ਅਸੀਂ ਉਸ ਚੀਜ਼ ਦੀ ਭਵਿੱਖਬਾਣੀ ਨਹੀਂ ਕਰ ਸਕਦੇ, ਜੋ ਚੋਣਾਂ ਤੋਂ ਬਾਅਦ ਹੋਣੀ ਹੈ।’’ ਇਸ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਕਾਰਾ ਨੇ ਭਰੋਸਾ ਜਤਾਇਆ ਕਿ ਕਾਂਗਰਸ-ਐੱਨਸੀ ਗੱਠਜੋੜ ਜਾਦੂਈ ਅੰਕੜੇ ਨਾਲ 90 ਮੈਂਬਰੀ ਅਸੈਂਬਲੀ ਵਿਚ ਸਰਕਾਰ ਬਣਾਏਗਾ ਤੇ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀਡੀਪੀ ਉਨ੍ਹਾਂ ਦੇ ਰਾਹ ’ਚ ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਪਾ ਸਕੇਗੀ। ਕਾਰਾ ਨੇ ਜ਼ੋਰ ਦਿੱਤਾ ਕਿ ਗ਼ੁਲਾਮ ਨਬੀ ਆਜ਼ਾਦ ਦੀ ਅਗਵਾਈ ਵਾਲੀ ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਹੁਣ ‘ਬੀਤੇ ਦੀ ਗੱਲ’ ਹੈ ਤੇ ‘ਉਸ ਦਾ ਕੋਈ ਭਵਿੱਖ ਨਹੀਂ ਹੈ।’ -ਪੀਟੀਆਈ