ਕਿਸ਼ਤਵਾੜ/ਜੰਮੂ, 30 ਅਗਸਤ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਜ ਇਕ ਕਾਰ ਸੜਕ ਕੰਢੇ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ 16 ਸਾਲ ਮੁਟਿਆਰ ਸਣੇ ਕਾਰ ਸਵਾਰ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਤਿੰਨ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਮਾਰੇ ਗਏ ਸਾਰੇ ਮੁਸਾਫ਼ਰ ਬੋਂਡਾ ਪਿੰਡਾ ਨਾਲ ਸਬੰਧਤ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਹਾਦਸਾ ਪਿੰਡ ਨਜ਼ਦੀਕ ਹੀ ਬਾਅਦ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਵਾਪਰਿਆ। ਕਾਰ ਸਵਾਰ ਚਿਨਗਾਮ ਤੋਂ ਚਤਰੂ ਜਾ ਰਹੇ ਸਨ। ਪੁਲੀਸ, ਰਾਸ਼ਟਰੀ ਰਾਫ਼ੀਲਜ਼ ਦੇ ਅਮਲੇ ਤੇ ਸਥਾਨਕ ਪਿੰਡ ਵਾਸੀਆਂ ਨੇ ਮੌਕੇ ’ਤੇ ਪੁੱਜ ਕੇ ਰਾਹਤ ਕਾਰਜ ਚਲਾਏ। ਕਾਰ ਸਵਾਰਾਂ ਵਿਚੋਂ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਤਿੰਨ ਜਣਿਆਂ ਨੇ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਦਮ ਤੋੜ ਦਿੱਤਾ। ਤਿੰਨ ਹੋਰ ਜ਼ਖ਼ਮੀਆਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਬਸ਼ੀਰ ਅਹਿਮਦ, ਉਸ ਦੇ ਭਰਾ ਨਜ਼ੀਰ ਅਹਿਮਦ, ਮੁਹੰਮਦ ਅਕਬਰ, ਉਸ ਦੇ ਭਰਾ ਫਰੀਦ, ਨੁਸਰਤ ਬਾਨੂ, ਫ਼ਰੀਦ ਹੁਸੈਨ, ਸ਼ਰੀਫ਼ ਤੇ ਨੂਰ ਹੁਸੈਨ ਵਜੋਂ ਹੋਈ ਹੈ। -ਪੀਟੀਆਈ