ਨਵੀਂ ਦਿੱਲੀ, 17 ਅਕਤੂਬਰ
ਕਾਰਵਾਂ ਮੈਗਜ਼ੀਨ ਨੇ ਦੋਸ਼ ਲਾਇਆ ਹੈ ਕਿ ਊੱਤਰੀ ਦਿੱਲੀ ਦੇ ਮਾਡਲ ਟਾਊਨ ਵਿੱਚ ਪ੍ਰਦਰਸ਼ਨ ਦੀ ਰਿਪੋਰਟਿੰਗ ਕਰ ਰਹੇ ਊਸ ਦੇ ਪੱਤਰਕਾਰ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਕੁੱਟਮਾਰ ਕੀਤੀ। ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਪੱਤਰਕਾਰ ਦੀ ਕੁੱਟਮਾਰ ਦੀ ਨਿਖੇਧੀ ਕੀਤੀ ਹੈ। ਮੈਗਜ਼ੀਨ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਪੁਲੀਸ ਨੇ ਪੱਤਰਕਾਰ ਅਹਾਨ ਪੇਨਕਰ (24) ਤੋਂ ਜਬਰੀ ਫੋਨ ਖੋਹ ਲਿਆ ਅਤੇ ਊਸ ਵਲੋਂ ਰਿਕਾਰਡ ਕੀਤੀਆਂ ਸਾਰੀਆਂ ਵੀਡੀਓਜ਼ ਮਿਟਾ ਦਿੱਤੀਆਂ। ਮੈਗਜ਼ੀਨ ਨੇ ਦੋਸ਼ ਲਾਇਆ ਕਿ ਪੱਤਰਕਾਰ ਨੂੰ ਕਰੀਬ ਚਾਰ ਘੰਟੇ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਊਸ ਦੇ ਨੱਕ, ਮੋਢੇ, ਪਿੱਠ ਅਤੇ ਗਿੱਟੇ ’ਤੇ ਸੱਟਾਂ ਲੱਗੀਆਂ ਹਨ। ਇਸ ਸਬੰਘੀ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਸ਼ਕਾਇਤ ਦਿੱਤੀ ਗਈ ਹੈ। ਪੁਲੀਸ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਪੱਤਰਕਾਰ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ਕਰੋਨਾ ਪਾਬੰਦੀਆਂ ਕਾਰਨ ਹਿਰਾਸਤ ਵਿੱਚ ਲਿਆ ਗਿਆ ਸੀ। -ਪੀਟੀਆਈ