ਗਾਜ਼ੀਆਬਾਦ, 9 ਸਤੰਬਰ
ਕੁਝ ਪੂਰਬੀ ਸੂਬਿਆਂ ਵਿੱਚ ਹੜ੍ਹ ਪੀੜਤਾਂ ਅਤੇ ਕੋਵਿਡ ਮਰੀਜ਼ਾਂ ਦੇ ਨਾਮ ’ਤੇ ਲਏ ਫੰਡਾਂ ਦੀ ਅਣਉਚਿੱਤ ਵਰਤੋਂ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹੇਠਾਂ ਗਾਜ਼ੀਆਬਾਦ ਪੁਲੀਸ ਨੇ ਪੱਤਰਕਾਰ ਰਾਣਾ ਅਯੂਬ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੱਤਰਕਾਰ ’ਤੇ ਭਰੋਸਾ ਤੋੜਨ ਅਤੇ ਸੂਚਨਾ ਤਕਨਾਲੋਜੀ ਕਾਨੂੰਨ ਅਧੀਨ ਕੰਪਿਊਟਰ ਸੋਮਿਆਂ ਦੀ ਵਰਤੋਂ ਕਰਕੇ ਧੋਖਾਧੜੀ ਦੇ ਦੋਸ਼ ਵੀ ਲੱਗੇ ਹਨ। ਸ਼ਹਿਰ ਦੇ ਪੁਲੀਸ ਸੁਪਰਡੈਂਟ ਗਿਆਨੇਂਦਰਾ ਸਿੰਘ ਨੇ ਦੱਸਿਆ ਕਿ ਐੱਨਜੀਓ ‘ਹਿੰਦੂ ਆਈਟੀ ਸੈੱਲ’ ਦੀ ਸੰਸਥਾਪਕ ਵਿਨੋਦ ਪਾਂਡੇ ਦੀ ਸ਼ਿਕਾਇਤ ’ਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ, ਕੇਸ ਦੀ ਜਾਂਚ ਮਗਰੋਂ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਏਗੀ ਅਤੇ ਉਸ ਖ਼ਿਲਾਫ਼ ਸਬੂਤ ਲੱਭੇਗੀ। ਜ਼ਿਕਰਯੋਗ ਹੈ ਕਿ ਅਯੂਬ ਦਾ ਨਾਂ ਬੁਲੰਦਸ਼ਹਿਰ ਦੇ ਬਜ਼ੁਰਗ ਦੀ ਕੁੱਟਮਾਰ ਕਰਨ ਤੇ ਉਸ ’ਤੇ ‘ਜੈ ਸ੍ਰੀ ਰਾਮ’ ਕਹਿਣ ਲਈ ਦਬਾਅ ਪਾਉਣ ਸਬੰਧੀ ਵੀਡੀਓ ਸਾਂਝੀ ਕਰਨ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। -ਪੀਟੀਆਈ