ਮੁੰਬਈ, 14 ਅਪਰੈਲ
ਜਾਂਚਕਰਤਾਵਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਜ਼ੇ ਨੇ ਦੋ ਜਣਿਆਂ ਨੂੰ ਫ਼ਰਜ਼ੀ ਮੁਕਾਬਲੇ ’ਚ ਮਾਰਨ ਦੀ ਯੋਜਨਾ ਬਣਾਈ ਸੀ ਤਾਂ ਜੋ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜੇ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਮਿਲਣ ਦੇ ਮਾਮਲੇ ਨਾਲ ਉਨ੍ਹਾਂ ਨੂੰ ਜੋੜਿਆ ਜਾ ਸਕੇ। ਸੂਤਰਾਂ ਮੁਤਾਬਕ ਇਸ ਢੰਗ ਨਾਲ ਵਜ਼ੇ ਮਾਮਲਾ ਸੁਲਝਣ ਦਾ ਦਾਅਵਾ ਕਰਨਾ ਚਾਹੁੰਦਾ ਸੀ ਪਰ ਉਸ ਦੀ ਇਹ ਯੋਜਨਾ ਧਰੀ-ਧਰਾਈ ਰਹਿ ਗਈ। ਸੂਤਰਾਂ ਨੇ ਕਿਹਾ ਕਿ ਕੌਮੀ ਜਾਂਚ ਏਜੰਸੀ ਨੂੰ ਠਾਣੇ ਵਿਚ ਵਜ਼ੇ ਦੇ ਘਰ ਦੀ ਤਲਾਸ਼ੀ ਦੌਰਾਨ ਇਕ ਵਿਅਕਤੀ ਦਾ ਪਾਸਪੋਰਟ ਬਰਾਮਦ ਹੋਇਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ੁਰੂਆਤ ਵਿੱਚ ਮਾਰੂਤੀ ਈਕੋ ਵਾਹਨ ਵਿਚ ‘ਫ਼ਰਜ਼ੀ ਮੁਕਾਬਲੇ’ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਗਈ ਜੋ ਪਿਛਲੇ ਸਾਲ ਨਵੰਬਰ ਵਿਚ ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਤੋਂ ਚੋਰੀ ਹੋ ਗਈ ਸੀ। -ਪੀਟੀਆਈ
ਸੀਬੀਆਈ ਨੇ ਅਨਿਲ ਦੇਸ਼ਮੁਖ ਤੋਂ ਪੁੱਛਗਿੱਛ ਕੀਤੀ
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਅੱਜ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਲਾਏ ਦੋਸ਼ਾਂ ਦੇ ਮਾਮਲੇ ਵਿੱਚ ਪੁੱਛਗਿਛ ਲਈ ਸੀਬੀਆਈ ਅੱਗੇ ਪੇਸ਼ ਹੋਏ। ਸੀਬੀਆਈ ਨੇ ਸੋਮਵਾਰ ਨੋਟਿਸ ਜਾਰੀ ਕਰ ਕੇ ਦੇਸ਼ਮੁਖ ਨੂੰ ਪਰਮਬੀਰ ਤੇ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਜ਼ੇ ਵੱਲੋਂ ਉਨ੍ਹਾਂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਦੀ ਜਾਂਚ ਦੇ ਮਾਮਲੇ ਵਿਚ ਪੇਸ਼ ਹੋਣ ਲਈ ਕਿਹਾ ਸੀ।