ਨਵੀਂ ਦਿੱਲੀ, 17 ਨਵੰਬਰ
ਕਾਂਗਰਸੀ ਨੇਤਾ ਸਿੱਬਲ ਨੇ ਕਾਮੇਡੀਅਨ ਵੀਰ ਦਾਸ ਵੱਲੋਂ ਅਮਰੀਕਾ ਵਿੱਚ ਦਿੱਤੀ ਪੇਸ਼ਕਾਰੀ ਨਾਲ ਸਬੰਧਿਤ ਵੀਡੀਓ ਨੂੰ ਲੈ ਕੇ ਭਖੇ ਮੁੱਦੇ ’ਤੇ ਵੀਰ ਦਾਸ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ, ‘‘ਇੱਥੇ ‘ਦੋ ਭਾਰਤ ਹਨ’, ਪਰ ਲੋਕ ਨਹੀਂ ਚਾਹੁੰਦੇ ਕਿ ਕੋਈ ਇਸ ਬਾਰੇ ਦੁਨੀਆਂ ਨੂੰ ਦੱਸੇ, ਕਿਉਂਕਿ ਅਸੀਂ ਅਸਹਿਣਸ਼ੀਲ ਅਤੇ ਪਾਖੰਡੀ ਹਾਂ।’’ ਦੂਜੇ ਪਾਸੇ ਕਾਂਗਰਸ ਦੇ ਹੀ ਤਰਜਮਾਨ ਮਨੂ ਸਿੰਘਵੀ ਨੇ ਵੀਰ ਦਾਸ ’ਤੇ ਨਿਸ਼ਾਨ ਸੇਧਦਿਆਂ ਕਿਹਾ ਕਿ ਕੁਝ ਕੁ ਲੋਕਾਂ ਦੀ ਬੁਰਾਈਆਂ ਨੂੰ ‘ਵਿਆਪਕ ਰੂਪ’ ਦੇ ਕੇ ਦੁਨੀਆਂ ਸਾਹਮਣੇ ‘ਦੇਸ਼ ਬਾਰੇ ਗਲਤ ਬੋਲਣਾ’ ਠੀਕ ਨਹੀਂ ਹੈ। ਕਪਿਲ ਸਿੱਬਲ ਨੇ ਟਵੀਟ ਕੀਤਾ, ‘‘ਵੀਰ ਦਾਸ, ਇਸ ਵਿੱਚ ਕੋਈ ਸ਼ੱਕ ਨਹੀਂ ਕਰ ਸਕਦਾ ਕਿ ਦੋ ਭਾਰਤ ਹਨ। ਗੱਲ ਸਿਰਫ ਇਹ ਅਸੀਂ ਨਹੀਂ ਚਾਹੁੰਦੇ ਕਿ ਕੋਈ ਭਾਰਤੀ ਇਸ ਬਾਰੇ ਦੁਨੀਆਂ ਨੂੰ ਦੱਸੇ। ਅਸੀਂ ਅਸਹਿਣਸ਼ੀਲ ਅਤੇ ਪਾਖੰਡੀ ਹਾਂ।’’ ਇਸੇ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਵੀ ਵੀਰ ਦਾਸ ਦਾ ਸਮਰਥਨ ਕੀਤਾ ਹੈ। ਥਰੂਰ ਨੇ ਟਵੀਟ ਕੀਤਾ, ‘ਇੱਕ ਸਟੈਂਡ-ਅਪ ਕਾਮੇਡੀਅਨ, ਖੜ੍ਹੇ ਹੋਣ ਦੇ ਹਕੀਕੀ ਮਾਇਨੇ ਸਿਰਫ ਸਰੀਰਕ ਰੂਪ ਵਿੱਚ ਹੀ ਨਹੀਂ, ਬਲਕਿ ਨੈਤਿਕ ਤੌਰ ’ਤੇ ਵੀ ਜਾਣਦਾ ਹੈ।’’
ਜ਼ਿਕਰਯੋਗ ਹੈ ਕਿ ਵੀਰ ਦਾਸ ਨੇ ਸੋਮਵਾਰ ਨੂੰ ਯੂਟਿਊਬ ’ਤੇ ‘ਆਈ ਕਮ ਫਰਾਮ ਟੂ ਇੰਡੀਆਜ਼’ ਸਿਰਲੇਖ ਹੇਠ ਇੱਕ ਵੀਡੀਓ ਅਪਲੋਡ ਕੀਤੀ ਸੀ। ਇਸ ਵਿੱਚ ਉਸ ਨੇ ਦੇਸ਼ ਦੇ ਕਥਿਤ ਦੋਹਰੇ ਕਿਰਦਾਰ ਦੀ ਗੱਲ ਕੀਤੀ ਅਤੇ ਕਰੋਨਾ, ਜਬਰ-ਜਨਾਹ ਦੀਆਂ ਘਟਨਾਵਾਂ ਅਤੇ ਹਾਸਰਸ ਕਲਾਕਾਰਾਂ ਖ਼ਿਲਾਫ਼ ਕਾਰਵਾਈ ਤੋਂ ਲੈ ਕੇ ‘ਕਿਸਾਨ ਅੰਦੋਲਨ’ ਵਰਗੇ ਮੁੱਦਿਆਂ ਦਾ ਜ਼ਿਕਰ ਕੀਤਾ। ਟਵਿੱਟਰ ’ਤੇ ਵੀਡੀਓ ਦੇ ਇੱਕ ਹਿੱਸੇ ਦੀ ਕਲਿਪ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿੱਚ ਦਾਸ ਨੇ ਕਿਹਾ ਹੈ, ‘‘ਮੈਂ ਇੱਕ ਅਜਿਹੇ ਭਾਰਤ ਤੋਂ ਆਉਂਦਾ ਹਾਂ, ਜਿੱਥੇ ਸਵੇਰ ਵੇਲੇ ਔਰਤਾਂ ਦੀ ਪੂਜਾ ਹੁੰਦੀ ਹੈ ਅਤੇ ਰਾਤ ਨੂੰ ਉਸ ਨਾਲ ਜਬਰ-ਜਨਾਹ ਹੁੰਦਾ ਹੈ।’’ ਹਾਲਾਂਕਿ ਬਾਾਅਦ ਵਿੱਚ ਵੀਰਦਾਸ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ, ‘‘ਉਸ ਦਾ ਇਰਾਦਾ ਦੇਸ਼ ਦੀ ਤੌਹੀਨ ਕਰਨ ਦਾ ਨਹੀਂ ਸੀ।’’ -ਪੀਟੀਆਈ