ਲਖਨਊ, 18 ਅਕਤੂਬਰ
ਇਥੋਂ ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਨਸੀਮੂਦੀਨ ਸਿੱਦੀਕੀ ਅਤੇ ਚਾਰ ਹੋਰਾਂ ਨੂੰ 2016 ਵਿੱਚ ਗੈਰ-ਕਾਨੂੰਨੀ ਢੰਗ ਨਾਲ ਸੜਕ ਰੋਕਣ ਦੇ ਇੱਕ ਮਾਮਲੇ ਵਿੱਚ 2,500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ਨੇ ਬਸਪਾ ਸੁਪਰੀਮੋ ਮਾਇਆਵਤੀ ਵਿਰੁੱਧ ਟਿੱਪਣੀ ਨੂੰ ਲੈ ਕੇ ਇੱਥੇ ਵਿਧਾਨ ਸਭਾ ਦੇ ਬਾਹਰ ਸੜਕ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਬਸਪਾ ਜਨਰਲ ਸਕੱਤਰ ਰਹੇ ਸਿੱਦੀਕੀ, ਫਰਵਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਹ ਪਾਰਟੀ ਵੱਲੋਂ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਲਈ ਨਿਯੁਕਤ ਕੀਤੇ ਛੇ ਖੇਤਰੀ ਮੁਖੀਆਂ ਵਿੱਚੋਂ ਇੱਕ ਹਨ। ਸਿੱਦੀਕੀ ਤੇ ਚਾਰ ਹੋਰ ਮੁਲਜ਼ਮ ਰਾਮ ਅਚਲ ਰਾਜਭਰ (ਹੁਣ ਸਮਾਜਵਾਦੀ ਪਾਰਟੀ ਵਿੱਚ), ਨੌਸ਼ਾਦ ਅਲੀ, ਅਤਰ ਸਿੰਘ ਅਤੇ ਮੇਵਾਲਾਲ ਗੌਤਮ ਅੱਜ ਅਦਾਲਤ ਵਿੱਚ ਪੇਸ਼ ਹੋਏ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਏ ਕੇ ਸ੍ਰੀਵਾਸਤਵ ਨੇ ਚਾਰਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਹਿਰਾਸਤ ਵਿੱਚ ਲੈਣ ਦਾ ਹੁਕਮ ਸੁਣਾਇਆ। ਦੋਸ਼ੀਆਂ ਦੀ ਅਪੀਲ ‘ਤੇ ਅਦਾਲਤ ਨੇ ਉਨ੍ਹਾਂ ਨੂੰ ਜੁਰਮਾਨਾ ਜਮ੍ਹਾਂ ਕਰਵਾਉਣ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਰਾਸ਼ੀ ਜਮ੍ਹਾਂ ਨਾ ਕਰਵਾਈ ਗਈ ਤਾਂ ਉਨ੍ਹਾਂ ਨੂੰ 15 ਦਿਨ ਦੀ ਕੈਦ ਕੱਟਣੀ ਪਵੇਗੀ।-ਏਜੰਸੀ