ਇੰਫਾਲ: ਮਨੀਪੁਰ ਪੁਲੀਸ ਨੇ ਮਰਹੂਮ ਭਾਜਪਾ ਆਗੂ ਬਾਰੇ ਸੋਸ਼ਲ ਮੀਡੀਆ ’ਤੇ ਵਿਅੰਗ ਕਸਣ ਦੇ ਦੋਸ਼ ਹੇਠ ਇਕ ਪੱਤਰਕਾਰ ਤੇ ਕਾਰਕੁਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸੂਬਾਈ ਭਾਜਪਾ ਮੁਖੀ ਐੱਸ. ਟਿਕੇਂਦਰ ਸਿੰਘ ਦੀ ਕੋਵਿਡ ਕਾਰਨ ਮੌਤ ਹੋ ਗਈ ਸੀ। ਪੱਤਰਕਾਰ ਕਿਸ਼ੋਰਚੰਦਰ ਵਾਂਗਖੇਮ ਤੇ ਕਾਰਕੁਨ ਏਰੇਂਦਰੋ ਲੀਚੋਮਬੈਮ ਵਿਰੁੱਧ ਐਨਐੱਸਏ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਦੋਵਾਂ ਨੂੰ ਪਹਿਲਾਂ ਵੀਰਵਾਰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਫੇਸਬੁੱਕ ’ਤੇ ਦੋਵਾਂ ਨੇ ਮੌਤ ਉਤੇ ਅਫ਼ਸੋਸ ਜ਼ਾਹਿਰ ਕੀਤਾ ਸੀ ਤੇ ਨਾਲ ਹੀ ਲਿਖਿਆ ਸੀ ਕਿ ਗਊ ਦਾ ਗੋਹਾ ਤੇ ਮੂਤਰ ਕੋਵਿਡ-19 ਦਾ ਇਲਾਜ ਨਹੀਂ ਹੈ। ਮਨੀਪੁਰ ਭਾਜਪਾ ਦੇ ਆਗੂਆਂ ਨੇ ਪੱਤਰਕਾਰ ਤੇ ਕਾਰਕੁਨ ਵਿਰੁੱਧ ਸ਼ਿਕਾਇਤ ਦਿੱਤੀ ਸੀ। ਪੁਲੀਸ ਨੇ ਦੋਵਾਂ ਨੂੰ ਪਿਛਲੇ ਹਫ਼ਤੇ ਘਰੋਂ ਗ੍ਰਿਫ਼ਤਾਰ ਕੀਤਾ ਸੀ। ਸੋਮਵਾਰ ਦੋਵਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਮਗਰੋਂ ਐਨਐੱਸਏ ਤਹਿਤ ਸਖ਼ਤ ਧਾਰਾਵਾਂ ਲਾ ਦਿੱਤੀਆਂ ਗਈਆਂ। ‘ਫਰੰਟਲਾਈਨ ਮਨੀਪੁਰ’ ਦਾ ਪੱਤਰਕਾਰ ਵਾਨਖੇਮ ਪਹਿਲਾਂ ਵੀ ਦੋ ਵਾਰ ਭਾਜਪਾ ਦੀ ਆਲੋਚਨਾ ਕਰਨ ਲਈ ਗ੍ਰਿਫ਼ਤਾਰ ਹੋ ਚੁੱਕਾ ਹੈ। -ਪੀਟੀਆਈ