ਅਹਿਮਦਾਬਾਦ, 6 ਦਸੰਬਰ
ਰਾਜਕੋਟ ਵਿੱਚ ਇਕ ਪੁਲੀਸ ਸਟੇਸ਼ਨ ਵਿੱਚ ਕਥਿਤ ‘ਸਟਿੰਗ ਅਪਰੇਸ਼ਨ’ ਕਰਨ ਤੇ ਪੁਲੀਸ ਕਰਮੀਆਂ ਦੀ ਡਿਊਟੀ ਵਿੱਚ ਅੜਿੱਕਾ ਡਾਹੁਣ ਦੇ ਦੋਸ਼ ਤਹਿਤ ਗੁਜਰਾਤੀ ਅਖ਼ਬਾਰ ਦੇ ਚਾਰ ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੱਤਰਕਾਰਾਂ, ਜਿਨ੍ਹਾਂ ਵਿੱਚ ਤਿੰਨ ਰਿਪੋਰਟਰ ਤੇ ਇਕ ਫੋਟੋਗ੍ਰਾਫ਼ਰ ਸ਼ਾਮਲ ਸੀ, ਪਹਿਲੀ ਦਸੰਬਰ ਦੀ ਰਾਤ ਨੂੰ ਰਾਜਕੋਟ ਤਾਲੁਕਾ ਪੁਲੀਸ ਸਟੇਸ਼ਨ ਵਿੱਚ ਦਾਖ਼ਲ ਹੋਏ ਤੇ ਉਨ੍ਹਾਂ ਰਾਜਕੋਟ ਦੇ ਕੋਵਿਡ-19 ਹਸਪਤਾਲ ਵਿੱਚ 27 ਨਵੰਬਰ ਨੂੰ ਅੱਗ ਲੱਗਣ ਦੀ ਘਟਨਾ ਨਾਲ ਸਬੰਧਤ ਮਾਮਲੇ ਵਿੱਚ ਕਥਿਤ ‘ਸਟਿੰਗ ਅਪਰੇਸ਼ਨ’ ਚਲਾਇਆ। ਹਸਪਤਾਲ ਨੂੰ ਲੱਗੀ ਅੱਗ ਦੌਰਾਨ ਪੰਜ ਮਰੀਜ਼ਾਂ ਦੀ ਜਾਨ ਜਾਂਦੀ ਰਹੀ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪੱਤਰਕਾਰ ਕਥਿਤ ਬਿਨਾਂ ਕਿਸੇ ਮਨਜ਼ੂਰੀ ਦੇ ਪੁਲੀਸ ਸਟੇਸ਼ਨ ਦੇ ਪਾਬੰਦੀਸ਼ੁਦਾ ਖੇਤਰ ਵਿੱਚ ਦਾਖ਼ਲ ਹੋਏ।
ਅਧਿਕਾਰੀ ਮੁਤਾਬਕ 2 ਦਸੰਬਰ ਨੂੰ ਅਖ਼ਬਾਰ ਵਿੱਚ ਤਸਵੀਰਾਂ ਸਮੇਤ ਇਕ ਰਿਪੋਰਟ ਛਪੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਹਸਪਤਾਲ ਵਿੱਚ ਅੱਗ ਦੀ ਘਟਨਾ ਲਈ ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ਨੂੰ ਲਾਕਅੱਪ ਵਿੱਚ ਰੱਖਣ ਦੀ ਥਾਂ ਪੁਲੀਸ ਸਟਾਫ਼ ਰੂਮ ਵਿੱਚ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹੈ। ਅਧਿਕਾਰੀ ਨੇ ਕਿਹਾ ਕਿ ਪੱਤਰਕਾਰਾਂ ਵੱਲੋੋਂ ਪੁਲੀਸ ਸਟੇਸ਼ਨ ਵਿੱਚ ਸ਼ੂਟ ਕੀਤੇ ਕੁਝ ਵੀਡੀਓਜ਼ ਨੂੰ ਵੱਖ ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵੀ ਵਿਖਾਇਆ ਗਿਆ। ਅਧਿਕਾਰੀ ਨੇ ਮੁਲਜ਼ਮਾਂ ਨਾਲ ਵਿਸ਼ੇਸ਼ ਲਿਹਾਜ ਪਾਲਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। -ਪੀਟੀਆਈ