ਥਾਣੇ, 13 ਜੂੁਨ
ਮਹਾਰਾਸ਼ਟਰ ਵਿੱਚ ਪੁਲੀਸ ਨੇ ਭਾਜਪਾ ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਦੇ ਸਮਰਥਨ ’ਚ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਪੋਸਟ ਪਾਉਣ ’ਤੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ। ਦੱਸਣਯੋਗ ਹੈ ਕਿ ਨੂਪੁਰ ਸ਼ਰਮਾ ਨੂੰ ਪੈਗੰਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਦੇ ਸਬੰਧ ਵਿੱਚ ਕਈ ਕੇਸਾਂ ਤੇ ਪੁਲੀਸ ਸੰਮਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਿਵੰਡੀ ਕਸਬੇ ਦੇ ਨਰਪੋਲੀ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਲਗਪਗ 11.30 ਵਜੇ ਇੱਕ ਵਿਅਕਤੀ ਨੇ ਮੁਲਜ਼ਮ ਮੁਕੇਸ਼ ਚਵਾਨ (22) ਵੱਲੋਂ ਉਸ ਦੇ ਫੇਸਬੁਕ ਪੇਜ ’ਤੇ ਪੋਸਟ ਕੀਤਾ ਮੈਸੇਜ ਦੇਖਿਆ ਦੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਸ਼ਿਕਾਇਤ ਦੇ ਹਵਾਲੇ ਨਾਲ ਦੱਸਿਆ ਕਿ ਚਵਾਨ ਨੇ ਆਪਣੇ ‘ਫੇਸਬੁਕ ਸਟੇਟਸ’ ’ਤੇ ਇੱਕ ਸੰਦੇਸ਼ ਅਤੇ ਭਾਜਪਾ ਦੀ ਮੁਅੱਤਲ ਅਹੁਦੇਦਾਰ ਦੀ ਤਸਵੀਰ ਨਾਲ ‘‘ਮੈਂ ਨੂਪੁਰ ਸ਼ਰਮਾ ਦਾ ਸਮਰਥਨ ਕਰਦਾ ਹਾਂ’ ਲਿਖਿਆ ਸੀ। ਉਨ੍ਹਾਂ ਦੱਸਿਆ ਕਿ ਚਵਾਨ ਖ਼ਿਲਾਫ਼ ਨਰਪੋਲੀ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਹਾਲੇ ਤੱਕ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। -ਪੀਟੀਆਈ