ਠਾਣੇ, 15 ਜੂਨ
ਮਹਾਰਾਸ਼ਟਰ ’ਚ ਭਿਵੰਡੀ ਪੁਲੀਸ ਨੇ ਭਾਜਪਾ ਦੀ ਆਗੂ ਨੂਪੁਰ ਸ਼ਰਮਾ ਦੇ ਸਮਰਥਕਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਲਈ ਇਕੱਠੇ ਹੋਣ ’ਤੇ 200 ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਪੁਲੀਸ ਮੁਤਾਬਕ ਇਹ ਸਾਰੇ ਕਥਿਤ ਤੌਰ ’ਤੇ ਗੈਰਕਾਨੂੰਨੀ ਢੰਗ ਨਾਲ ਇਕੱਠੇ ਹੋਏ ਸਨ। ਜ਼ਿਕਰਯੋਗ ਹੈ ਕਿ ਪੈਗੰਬਰ ਮੁਹੰਮਦ ਖ਼ਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਭਾਜਪਾ ਨੇ ਨੂਪੁਰ ਨੂੰ ਹਾਲ ਹੀ ਵਿਚ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਭਿਵੰਡੀ ਸ਼ਹਿਰ ਵਿਚ 12 ਜੂਨ ਨੂੰ ਇਕ ਥਾਂ ’ਤੇ ਕਈ ਲੋਕ ਇਕੱਠੇ ਹੋ ਗਏ ਸਨ, ਜਿਸ ਨਾਲ ਸਥਿਤੀ ਤਣਾਅਪੂਰਨ ਹੋ ਗਈ ਸੀ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਕੁਝ ਲੋਕਾਂ ਨੇ ਮੁਕੇਸ਼ ਬਾਬੂਰਾਮ ਚਵਾਨ ਤੇ ਸਾਦ ਅੰਸਾਰੀ ਦੇ ਘਰ ਤੱਕ ਮਾਰਚ ਕੀਤਾ ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਨੂਪੁਰ ਸ਼ਰਮਾ ਦੇ ਸਮਰਥਨ ਵਿਚ ਪਾਈ ਪੋਸਟ ਦਾ ਵਿਰੋਧ ਕੀਤਾ। ਕੁਝ ਮੁਜ਼ਾਹਰਾਕਾਰੀਆਂ ਨੇ ਕਥਿਤ ਤੌਰ ’ਤੇ ਅੰਸਾਰੀ ਉਤੇ ਹਮਲਾ ਵੀ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਭਿਵੰਡੀ ਦੇ ਭੋਈਵਾੜਾ ਥਾਣੇ ਵਿਚ 150 ਜਣਿਆਂ ਖ਼ਿਲਾਫ਼ ਤੇ ਨਾਰਪੋਲੀ ਥਾਣੇ ਵਿਚ 65 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਆਈਪੀਸੀ ਦੀ ਧਾਰਾਵਾਂ 141, 143, 322, 323, 504 ਤੇ 506 ਤਹਿਤ ਦਰਜ ਕੀਤੇ ਗਏ ਹਨ। ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। -ਪੀਟੀਆਈ