ਮੁੰਬਈ, 14 ਜੂਨ
ਭਾਜਪਾ ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਗਈ ਵਿਵਾਦਤ ਟਿੱਪਣੀ ਕਾਰਨ ਮਹਾਰਾਸ਼ਟਰ ਦੇ ਪਰਬਾਨੀ ਜ਼ਿਲ੍ਹੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਹੁਣ ਸੀਨੀਅਰ ਟੀਵੀ ਪੱਤਰਕਾਰ ਨਵਿਕਾ ਕੁਮਾਰ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧ ਵਿੱਚ ਇਕ ਮੁਸਲਿਮ ਆਗੂ ਦੀ ਸ਼ਿਕਾਇਤ ’ਤੇ ਨਾਨਲਪੇਠ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਹੈ ਕਿ ਨੂਪੁਰ ਸ਼ਰਮਾ ਤੇ ਨਵਿਕਾ ਕੁਮਾਰ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਵੇਰਵਿਆਂ ਅਨੁਸਾਰ ‘ਟਾਈਮਜ਼ ਨਾਓ’ ਦੀ ਐਂਕਰ ਨਵਿਕਾ ਕੁਮਾਰ ਤੇ ਨੂਪੁਰ ਸ਼ਰਮਾ ਨੂੰ ਧਾਰਾ 295-ਏ ਤਹਿਤ ਨਾਮਜ਼ਦ ਕੀਤਾ ਗਿਆ ਹੈ। -ਪੀਟੀਆਈ