ਕੋਲਕਾਤਾ, 28 ਫਰਵਰੀ
ਕਲਕੱਤਾ ਹਾਈ ਕੋਰਟ ਨੇ ਅੱਜ ਨਿਰਦੇਸ਼ ਦਿੱਤਾ ਕਿ ਸੰਦੇਸ਼ਖਲੀ ’ਚ ਔਰਤਾਂ ’ਤੇ ਜਿਨਸੀ ਹਮਲੇ ਅਤੇ ਜ਼ਮੀਨ ’ਤੇ ਕਬਜ਼ੇ ਦੇ ਮਾਮਲੇ ’ਚ ਮੁੱਖ ਮੁਲਜ਼ਮ ਤ੍ਰਿਣਮੂਲ ਕਾਂਗਰਸ ਨੇਤਾ ਸ਼ਾਹਜਹਾਂ ਸ਼ੇਖ ਨੂੰ ਪੱਛਮੀ ਬੰਗਾਲ ਪੁਲੀਸ ਤੋਂ ਇਲਾਵਾ ਸੀਬੀਆਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੀ ਗ੍ਰਿਫ਼ਤਾਰ ਕਰ ਸਕਦੇ ਹਨ। ਸੂਬੇ ਦੇ ਐਡਵੋਕੇਟ ਜਨਰਲ ਦੀ ਅਰਜ਼ੀ ’ਤੇ ਅਦਾਲਤ ਨੇ 26 ਫਰਵਰੀ ਨੂੰ ਜਾਰੀ ਆਪਣੇ ਉਸ ਹੁਕਮ ਨੂੰ ਸਪੱਸ਼ਟ ਕੀਤਾ ਜਿਸ ਵਿੱਚ ਪੁਲੀਸ ਨੂੰ ਸ਼ੇਖ ਦੀ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ ਗਿਆ ਸੀ। ਚੀਫ਼ ਜਸਟਿਸ ਟੀ.ਐੱਸ. ਸ਼ਿਵਗਣਨਮ ਦੀ ਅਗਵਾਈ ਵਾਲੇ ਬੈਂਚ ਨੇ ਸਪੱਸ਼ਟ ਕੀਤਾ ਕਿ ਅਦਾਲਤ ਨੇ ਆਪਣੇ 7 ਫਰਵਰੀ ਦੇ ਹੁਕਮ ’ਚ ਸਿਰਫ ਈਡੀ ਅਧਿਕਾਰੀਆਂ ’ਤੇ ਹਮਲੇ ਦੀ ਜਾਂਚ ਲਈ ਇਕਹਿਰੇ ਬੈਂਚ ਵੱਲੋਂ ਸੀਬੀਆਈ ਤੇ ਪੱਛਮੀ ਬੰਗਾਲ ਪੁਲੀਸ ਦੀ ਸਾਂਝੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਗਠਨ ’ਤੇ ਰੋਕ ਲਾਈ ਸੀ। ਸ਼ਾਹਜਹਾਂ ਸ਼ੇਖ ਦੇ ਕਾਫੀ ਸਮੇਂ ਤੋਂ ਫਰਾਰ ਹੋਣ ਬਾਰੇ ਪਤਾ ਲੱਗਣ ’ਤੇ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਅਤੇ ਈਡੀ ਨੂੰ ਵੀ ਖੁੱਲ੍ਹ ਹੈ। ਇਸੇ ਦੌਰਾਨ ਕਲਕੱਤਾ ਹਾਈ ਕੋਰਟ ਨੇ ਸ਼ੰਦੇਸ਼ਖਲੀ ’ਚ ਕਥਿਤ ਹਿੰਸਕ ਪ੍ਰਦਰਸ਼ਨ ਦੇ ਦੋਸ਼ ਹੇਠ ਗ੍ਰਿਫ਼਼ਤਾਰ ਕੀਤੇ ਗਏ ਭਾਜਪਾ ਨੇਤਾ ਬਿਕਾਸ਼ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। -ਪੀਟੀਆਈ