ਪਟਨਾ, 27 ਅਗਸਤ
ਬਿਹਾਰ ਦੇ ਉਪ ਮੁੱਖ ਮੰਤਰੀ ਤੇ ਆਰਜੇਡੀ ਆਗੂ ਤੇਜਸਵੀ ਯਾਦਵ ਤੇ ਭਾਜਪਾ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਵਿਚਾਲੇ ‘ਦੁਸ਼ਮਣੀ’ ਵਧਦੀ ਜਾ ਰਹੀ ਹੈ। ਨੌਕਰੀ ਬਦਲੇ ਜ਼ਮੀਨ ਘੁਟਾਲੇ ’ਚ ਹਾਲ ਹੀ ਵਿਚ ਆਰਜੇਡੀ ਆਗੂਆਂ ਉਤੇ ਸੀਬੀਆਈ ਵੱਲੋਂ ਛਾਪੇ ਮਾਰਨ ’ਤੇ ਆਪਣਾ ਰੁਖ਼ ਸਪੱਸ਼ਟ ਕਰਦਿਆਂ 32 ਸਾਲਾ ਤੇਜਸਵੀ ਨੇ 56 ਸਾਲਾ ਰਾਏ ’ਤੇ ਤਿੱਖਾ ਨਿਸ਼ਾਨਾ ਸੇਧਿਆ। ਰਾਏ ਦਾ ਨਾਂ ਲਏ ਬਿਨਾਂ ਤੇਜਸਵੀ ਨੇ ਟਵੀਟ ਕੀਤਾ, ‘ਠੰਢਾ ਕਰ ਦਿਆਂਗੇ, ਦਿੱਲੀ ਵਾਲੇ ਬਚਾਉਣ ਨਹੀਂ ਆਉਣਗੇ।’ ਤੇਜਸਵੀ ਨੇ ਨਾਲ ਹੀ ਕਿਹਾ ਕਿ ਭਾਜਪਾ ਆਗੂ ਅੱਜ ਕੱਲ੍ਹ ਪਟਨਾ ਤੇ ਦਿੱਲੀ ਵਿਚਾਲੇ ਕਾਫ਼ੀ ਗੇੜੇ ਲਾ ਰਿਹਾ ਹੈ। ਤੇਜਸਵੀ ਨੇ ਰਾਏ ਦੇ ਬਿਹਾਰ ਦਾ ਮੁੱਖ ਮੰਤਰੀ ਬਣਨ ਦੇ ਇਰਾਦੇ ਉਤੇ ਵੀ ਵਿਅੰਗ ਕਸਿਆ। ਸਮਸਤੀਪੁਰ ਵਿਚ ਤੇਜਸਵੀ ਦੇ ਟਵੀਟ ਦਾ ਮੋੜਵਾਂ ਜਵਾਬ ਦਿੰਦਿਆਂ ਰਾਏ ਨੇ ਵੀ ਕਿਹਾ, ‘ਮੈਨੂੰ ਠੰਢਾ ਕਰ ਦੇ ਭਰਾ, ਮੱਝ ਦਾ ਦੁੱਧ ਪੀਣ ਨਾਲ ਲੋਕ ਠੰਢੇ ਹੋ ਜਾਂਦੇ ਨੇ’। ਪਿਛਲੇ ਦੋ ਮਹੀਨਿਆਂ ਵਿਚ ਇਹ ਦੂਜੀ ਵਾਰ ਹੈ ਜਦ ਤੇਜਸਵੀ ਤੇ ਰਾਏ ਵਿਚਾਲੇ ਐਨੀ ਤਿੱਖੀ ਸ਼ਬਦੀ ਤਕਰਾਰ ਹੋਈ ਹੈ। ਪਿਛਲੇ ਮਹੀਨੇ ਤੇਜਸਵੀ ਨੇ ਕਿਹਾ ਸੀ ਕਿ ਰਾਏ ਨੇ ਇਕ ਵਾਰ ਆਰਜੇਡੀ ਦੀ ਲੀਡਰਸ਼ਿਪ ਤੱਕ ਪਹੁੰਚ ਕਰ ਕੇ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ (ਰਾਏ) ਪਾਰਟੀ ਵਿਚ ਸ਼ਾਮਲ ਕਰ ਲਿਆ ਜਾਵੇ, ਉਸ ਵੇਲੇ ਉਹ ਮੰਤਰੀ ਨਹੀਂ ਬਣੇ ਸਨ। -ਏਜੰਸੀ