ਨਵੀਂ ਦਿੱਲੀ, 23 ਜੂਨ
ਸੀਬੀਆਈ ਨੇ ਨੀਟ-ਯੂਜੀ ਦਾਖ਼ਲਾ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ਦੀ ਜਾਂਚ ਆਪਣੇ ਹੱਥ ’ਚ ਲੈਂਦਿਆਂ ਇਸ ਸਬੰਧ ’ਚ ਅੱਜ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਏਜੰਸੀ ਵੱਖ ਵੱਖ ਸੂਬਿਆਂ ’ਚ ਪੁਲੀਸ ਵੱਲੋਂ ਦਰਜ ਕੇਸਾਂ ਨੂੰ ਵੀ ਆਪਣੇ ਹੱਥ ’ਚ ਲੈਣ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲੇ ਨੇ ਏਜੰਸੀ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਪ੍ਰੀਖਿਆ ਦੌਰਾਨ ਕੁਝ ਸੂਬਿਆਂ ’ਚ ‘ਖਾਸ ਇੱਕਾ-ਦੁੱਕਾ ਘਟਨਾਵਾਂ’ ਵਾਪਰੀਆਂ ਸਨ। ਇਹ ਸ਼ਿਕਾਇਤ ਹੁਣ ਐੱਫਆਈਆਰ ਦਾ ਹਿੱਸਾ ਹੈ। ਕੇਸ ਨੂੰ ਤਰਜੀਹ ਦਿੰਦਿਆਂ ਸੀਬੀਆਈ ਨੇ ਵਿਸ਼ੇਸ਼ ਟੀਮਾਂ ਕਾਇਮ ਕਰਦਿਆਂ ਗੋਧਰਾ ਅਤੇ ਪਟਨਾ ਰਵਾਨਾ ਕਰ ਦਿੱਤੀਆਂ ਹਨ ਜਿਥੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਕੇਸ ਪੁਲੀਸ ਵੱਲੋਂ ਦਰਜ ਕੀਤੇ ਗਏ ਹਨ। -ਪੀਟੀਆਈ