ਨਵੀਂ ਦਿੱਲੀ, 18 ਨਵੰਬਰ
ਸੁਪਰੀਮ ਕੋਰਟ ਨੇ ਸੀਬੀਆਈ ਨੂੰ ਹਿੰਦੁਸਤਾਨ ਜ਼ਿੰਕ ਲਿਮਟਿਡ ’ਚ ਅਪਨਿਵੇਸ਼ ਦੌਰਾਨ ਹੋਈਆਂ ਬੇਨਿਯਮੀਆਂ ਦੇ ਮਾਮਲੇ ’ਚ ਨਿਯਮਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਉਂਜ ਸਿਖਰਲੀ ਅਦਾਲਤ ਨੇ ਸਰਕਾਰ ਦੀ ਬਚੀ ਹੋਈ 29.5 ਫ਼ੀਸਦ ਹਿੱਸੇਦਾਰੀ ਦੀ ਖੁੱਲ੍ਹੇ ਬਾਜ਼ਾਰ ’ਚ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਡੀ ਵਾਈ ਚੰਦਰਚੂੜ ਅਤੇ ਬੀ ਵੀ ਨਾਗਰਤਨ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਹਿੰਦੁਸਤਾਨ ਜ਼ਿੰਕ ਦੇ ਅਪਨਿਵੇਸ਼ ’ਚ ਹੋਈਆਂ ਕਥਿਤ ਬੇਨਿਯਮੀਆਂ ਦੀ ਮੁੱਢਲੀ ਜਾਂਚ ਨੂੰ ਇਕ ਰੈਗੂਲਰ ਕੇਸ ਵਜੋਂ ਬਦਲਣ ਨੂੰ ਲੈ ਕੇ ਕੀਤੀ ਗਈ ਸਿਫ਼ਾਰਿਸ਼ ਨਾਲ ਅਦਾਲਤ ਸੰਤੁਸ਼ਟ ਹੈ ਅਤੇ ਇਸ ਮਾਮਲੇ ’ਚ ਮੁੱਢਲੀ ਨਜ਼ਰ ’ਚ ਇਹ ਕੇਸ ਬਣਦਾ ਹੈ। ਬੈਂਚ ਨੇ ਸੀਬੀਆਈ ਨੂੰ ਹੁਕਮ ਦਿੱਤਾ ਕਿ ਉਹ ਅਦਾਲਤ ਨੂੰ ਸਮੇਂ ਸਮੇਂ ’ਤੇ ਇਸ ਮਾਮਲੇ ’ਚ ਹੋਈ ਪ੍ਰਗਤੀ ਤੋਂ ਜਾਣੂ ਕਰਵਾਏ। -ਪੀਟੀਆਈ