ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜਨਵਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ 10ਵੀਂ ਤੇ 12ਵੀਂ ਜਮਾਤ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ ਆਫਲਾਈਨ ਕਰਵਾਉਣ ਦੀ ਯੋਜਨਾ ਹੈ। ਇਸ ਲਈ ਬੋਰਡ ਨੇ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਜੇ ਕਰੋਨਾ ਕਾਰਨ ਹਾਲਾਤ ਹੋਰ ਖਰਾਬ ਹੁੰਦੇ ਹਨ ਤਾਂ ਟਰਮ-1 ਪ੍ਰੀਖਿਆਵਾਂ ਦੇ ਆਧਾਰ ’ਤੇ ਹੀ ਵਿਦਿਆਰਥੀਆਂ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ।
ਬੋਰਡ ਨੇ ਸਕੂਲਾਂ ਨੂੰ 15 ਜਨਵਰੀ ਨੂੰ ਪੱਤਰ ਲਿਖ ਕੇ ਸਪਸ਼ਟ ਕੀਤਾ ਹੈ ਕਿ ਟਰਮ-2 ਦੀਆਂ ਮਾਰਚ-ਅਪਰੈਲ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਆਫਲਾਈਨ ਕਰਵਾਈਆਂ ਜਾਣਗੀਆਂ ਜਿਸ ਲਈ ਸੈਂਪਲ ਪੇਪਰ ਜਾਰੀ ਕਰ ਦਿੱਤੇ ਹਨ ਤੇ ਬੋਰਡ ਨੇ ਇਨ੍ਹਾਂ ਸੈਂਪਲ ਪੇਪਰਾਂ ਤੋਂ ਇਲਾਵਾ ਅੰਕਾਂ ਦਾ ਵੇਰਵਾ ਦੀ ਆਪਣੀ ਵੈਬਸਾਈਟ ’ਤੇ ਸਾਂਝਾ ਕਰ ਦਿੱਤਾ ਹੈ। ਪੱਤਰ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਿਹਤ ਮਾਹਰਾਂ ਨੇ ਦੱਸਿਆ ਹੈ ਕਿ ਕਰੋਨਾ ਲਾਗ ਦੀ ਤੀਜੀ ਲਹਿਰ ਨੁਕਸਾਨਦਾਇਕ ਨਹੀਂ ਹੋਵੇਗੀ, ਇਸ ਲਈ ਇਹ ਪ੍ਰੀਖਿਆਵਾਂ ਤੈਅ ਸਮੇਂ ’ਤੇ ਹੀ ਹੋਣਗੀਆਂ।
ਬੋਰਡ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ ਵਿਦਿਆਰਥੀ ਟਰਮ-2 ਦੀ ਪ੍ਰੀਖਿਆ ਨਹੀਂ ਦੇਣਗੇ, ਉਨ੍ਹਾਂ ਦੇ ਨਤੀਜੇ ਟਰਮ-1 ਦੇ ਆਧਾਰ ’ਤੇ ਐਲਾਨ ਦਿੱਤੇ ਜਾਣਗੇ। ਪੱਤਰ ਵਿਚ ਕਿਹਾ ਗਿਆ ਹੈ ਕਿ ਟਰਮ-2 ਦੀ ਪ੍ਰੀਖਿਆ ਵਿਸਥਾਰਤ ਸਵਾਲਾਂ ਦੇ ਜਵਾਬਾਂ ਆਧਾਰਿਤ ਹੋਵੇਗੀ ਜਿਸ ਦਾ ਸਮਾਂ ਦੋ ਘੰਟੇ ਹੋਵੇਗਾ ਜਦਕਿ ਟਰਮ-1 ਦੀ ਪ੍ਰੀਖਿਆ ਦਾ ਸਮਾਂ 90 ਮਿੰਟ ਸੀ। ਸੀਬੀਐਸਈ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਸਿੱਖਿਆ ਮੰਤਰਾਲੇ ਨੇ ਵੀ ਬੋਰਡ ਪ੍ਰੀਖਿਆਵਾਂ ਆਫਲਾਈਨ ਕਰਵਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ।