ਨਵੀਂ ਦਿੱਲੀ, 15 ਜੁਲਾਈ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਅੱਜ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ’ਚ ਲੜਕੀਆਂ ਨੇ ਇਕ ਵਾਰ ਫਿਰ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਪਾਸ ਪ੍ਰਤੀਸ਼ਤ 0.36 ਫ਼ੀਸਦੀ ਵੱਧ ਰਹੀ ਅਤੇ 91.46 ਫ਼ੀਸਦੀ ਬੱਚੇ ਪਾਸ ਹੋਏ ਹਨ। ਉਂਜ 90 ਅਤੇ 95 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਕ੍ਰਮਵਾਰ ਤਿੰਨ ਅਤੇ ਇਕ ਫ਼ੀਸਦੀ ਦੀ ਕਮੀ ਆਈ ਹੈ। ਸੀਬੀਐੱਸਈ ਨੇ ਕਰੋਨਾਵਾਇਰਸ ਮਹਾਮਾਰੀ ਦਰਮਿਆਨ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਇਸ ਸਾਲ ਮੈਰਿਟ ਸੂਚੀ ਦਾ ਐਲਾਨ ਨਹੀਂ ਕੀਤਾ। ਲੜਕੀਆਂ ਦੀ ਪਾਸ ਪ੍ਰਤੀਸ਼ਤ 93.31, ਲੜਕਿਆਂ ਦੀ 90.14 ਅਤੇ ਕਿੰਨਰਾਂ ਦੀ 78.95 ਫ਼ੀਸਦ ਰਹੀ। ਕੁੱਲ 18.73 ਲੱਖ ਵਿਦਿਆਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਸ ’ਚੋਂ 17.13 ਲੱਖ ਵਿਦਿਆਰਥੀ ਪਾਸ ਹੋਏ ਹਨ। ਡੇਢ ਲੱਖ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਸਾਰੇ ਖ਼ਿੱਤਿਆਂ ’ਚੋਂ ਤ੍ਰਿਵੇਂਦਰਮ ਦਾ ਨਤੀਜਾ ਬਿਹਤਰੀਨ ਰਿਹਾ ਜਿਥੇ ਪਾਸ ਪ੍ਰਤੀਸ਼ਤ 99.28 ਫ਼ੀਸਦ ਰਹੀ। ਚੇਨੱਈ (98.95) ਦੂਜੇ ਜਦਕਿ ਬੰਗਲੂਰੂ ਰਿਜਨ (98.23) ਤੀਜੇ ਨੰਬਰ ’ਤੇ ਰਿਹਾ। ਦਿੱਲੀ ’ਚ ਪਾਸ ਪ੍ਰਤੀਸ਼ਤ ਪਿਛਲੇ ਸਾਲ (80.97) ਦੇ ਮੁਕਾਬਲੇ ਇਸ ਵਾਰ (85.86) ਕਰੀਬ ਪੰਜ ਫ਼ੀਸਦ ਵੱਧ ਰਹੀ ਹੈ। ਕੇਂਦਰੀ ਵਿਦਿਆਲਿਆ (99.23) ਅਤੇ ਜਵਾਹਰ ਨਵੋਦਿਆ ਵਿਦਿਆਲਿਆ (98.66) ਦੇ ਨਤੀਜੇ ਸ਼ਾਨਦਾਰ ਰਹੇ। ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਵਿਦੇਸ਼ੀ ਸਕੂਲਾਂ ਦਾ ਨਤੀਜਾ 98.67 ਫ਼ੀਸਦ ਰਿਹਾ ਜੋ ਪਿਛਲੇ ਸਾਲ (98.75) ਨਾਲੋਂ ਮਾਮੂਲੀ ਘੱਟ ਰਿਹਾ। –ਪੀਟੀਆਈ