ਨਵੀਂ ਦਿੱਲੀ, 16 ਜੁਲਾਈ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਆਈਬੀਐੱਮ ਨਾਲ ਮਿਲ ਕੇ 11ਵੀਂ ਅਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਮਸਨੂਈ ਬੌਧਿਕਤਾ ਦਾ ਪਾਠਕ੍ਰਮ ਸ਼ੁਰੂ ਕੀਤਾ ਹੈ। ਇਹ ਪਾਠਕ੍ਰਮ 13 ਸੂਬਿਆਂ ਦੇ 200 ਹਾਈ ਸਕੂਲਾਂ ’ਚ ਪੜ੍ਹਾਇਆ ਜਾਵੇਗਾ। ਆਈਬੀਐੱਮ ਨਾਲ ਮਿਲ ਕੇ ਤਿਆਰ ਕੀਤਾ ਗਿਆ ਪਾਠਕ੍ਰਮ ਸੀਬੀਐੱਸਈ ਦੇ ਸੋਸ਼ਲ ਐਮਪਾਵਰਮੈਂਟ ਥਰੂ ਵਰਕ ਐਜੂਕੇਸ਼ਨ ਐਂਡ ਐਕਸ਼ਨ (ਐੱਸਈਡਬਲਿਊਏ) ਪ੍ਰੋਗਰਾਮ ਦਾ ਹਿੱਸਾ ਹੈ। ਆਈਬੀਐੱਮ ਇੰਡੀਆ ਦੇ ਜਨਰਲ ਮੈਨੇਜਰ ਸੰਦੀਪ ਪਟੇਲ ਨੇ ਬਿਆਨ ’ਚ ਕਿਹਾ ਕਿ ਵਿਦਿਆਰਥੀਆਂ ਲਈ ਮਸਨੂਈ ਬੌਧਿਕਤਾ ਦੀ ਪੜ੍ਹਾਈ ਨੂੰ ਸੁਖਾਲਾ ਬਣਾਉਣ ਲਈ ਇਹ ਕਦਮ ਉਠਾਇਆ ਗਿਆ ਹੈ। ਸੀਬੀਐੱਸਈ ਦੇ ਚੇਅਰਪਰਸਨ ਮਨੋਜ ਆਹੂਜਾ ਨੇ ਕਿਹਾ ਕਿ ਆਈਬੀਐੱਮ ਦੀ ਹਮਾਇਤ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਿਖਲਾਈ ਪ੍ਰਾਪਤ ਪੜ੍ਹਾਈ ’ਤੇ ਆਧਾਰਿਤ ਪਾਠਕ੍ਰਮ ਨੂੰ ਵਿਕਸਤ ਕੀਤਾ ਗਿਆ ਹੈ। ਇਸ ਦੌਰਾਨ ਆਈਬੀਐੱਮ ਅਤੇ ਸੀਬੀਐੱਸਈ ਨੇ ‘2020 ਆਈਬੀਐੱਮ ਐੱਡਟੈੱਕ ਯੂਥ ਚੈਲੇਂਜ’ ਦਾ ਐਲਾਨ ਕੀਤਾ ਹੈ। ਇਸ ’ਚ ਜੇਤੂ ਵਿਦਿਆਰਥੀਆਂ ਨੂੰ ਕੰਪਨੀ ’ਚ ਦੋ ਹਫ਼ਤਿਆਂ ਦੀ ਇੰਟਰਨਸ਼ਿਪ ਦਿੱਤੀ ਜਾਵੇਗੀ।