ਨਵੀਂ ਦਿੱਲੀ, 8 ਜੁਲਾਈ
ਅਗਲੇ ਸਾਲ ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਧਰਮ ਨਿਰਪੱਖਤਾ, ਨਾਗਰਿਕਤਾ, ਰਾਸ਼ਟਰਵਾਦ, ਜਾਤ-ਪਾਤ ਅਤੇ ਜਮਹੂਰੀ ਅਧਿਕਾਰਾਂ ਬਾਰੇ ਅਧਿਐਨ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਨ੍ਹਾਂ ਵਿਸ਼ਿਆਂ ਨਾਲ ਸਬੰਧਿਤ ਸਿਲੇਬਸ ਨੂੰ ਹਟਾ ਦਿੱਤਾ ਗਿਆ ਹੈਉਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਪਾਠਕ੍ਰਮ ਦੇ 30 ਪ੍ਰਤੀਸ਼ਤ ਤਕ ਘਟਾਉਣ ਤੋਂ ਬਾਅਦ ਬੁੱਧਵਾਰ ਨੂੰ 2020-21 ਵਿੱਦਿਅਕ ਸੈਸ਼ਨ ਲਈ 9 ਵੀਂ ਤੋਂ 12 ਵੀਂ ਕਲਾਸ ਲਈ ਨਵੇਂ ਸਿਲੇਬਸ ਨੂੰ ਜਾਰੀ ਕੀਤਾ ਗਿਆ ਹੈ। ਅੱਪਡੇਟ ਕੀਤੇ ਪਾਠਕ੍ਰਮ ਅਨੁਸਾਰ ਕਲਾਸ 10 ਦੇ ਸਿਲੇਬਸ ਤੋਂ ਹਟਾਏ ਗਏ ਅਧਿਆਇ ਉਹ ਹਨ, ਜੋ ਲੋਕਤੰਤਰ ਅਤੇ ਵਿਭਿੰਨਤਾ, ਲਿੰਗ, ਧਰਮ ਅਤੇ ਜਾਤੀ, ਪ੍ਰਸਿਧ ਸੰਘਰਸ਼ਾਂ ਅਤੇ ਅੰਦੋਲਨ ਅਤੇ ਲੋਕਤੰਤਰ ਲਈ ਚੁਣੌਤੀਆਂ ਨਾਲ ਸਬੰਧਿਤ ਹਨ। ਕਲਾਸ 11 ਲਈ ਹਟਾਏ ਗਏ ਹਿੱਸਿਆਂ ਵਿੱਚ ਸੰਘਵਾਦ, ਨਾਗਰਿਕਤਾ, ਰਾਸ਼ਟਰਵਾਦ, ਧਰਮ ਨਿਰਪੱਖਤਾ ਅਤੇ ਭਾਰਤ ਵਿੱਚ ਸਥਾਨਕ ਸਰਕਾਰਾਂ ਬਾਰੇ ਅਧਿਆਇ ਸ਼ਾਮਲ ਹਨ। 12ਵੀਂ ਦੇ ਵਿਦਿਆਰਥੀਆਂ ਨੂੰ ਆਪਣੇ ਗੁਆਂਢੀ ਮੁਲਕਾਂ ਪਾਕਿਸਤਾਨ, ਮਿਆਂਮਾਰ, ਬੰਗਲਾਦੇਸ਼, ਸ੍ਰੀਲੰਕਾ ਅਤੇ ਨੇਪਾਲ ਨਾਲ ਭਾਰਤ ਦੇ ਸਬੰਧਾਂ, ਭਾਰਤ ਦੇ ਆਰਥਿਕ ਵਿਕਾਸ ਵਿੱਚ ਬਦਲਾਅ, ਭਾਰਤ ਵਿੱਚ ਸਮਾਜਿਕ ਅੰਦੋਲਨ ਸਣੇ ਅਜਿਹੇ ਹੋਰ ਵਿਸ਼ੇ ਹਟਾ ਦਿੱਤੇ ਗਏ ਹਨ।