ਨਵੀਂ ਦਿੱਲੀ, 3 ਅਗਸਤ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ 57 ਹਜ਼ਾਰ ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ ਹਨ। ਇਸੇ ਦੌਰਾਨ 90 ਤੋਂ 95 ਫ਼ੀਸਦੀ ਵਿਚਕਾਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੋ ਲੱਖ ਤੋਂ ਉੱਪਰ ਹੈ। ਇਨ੍ਹਾਂ ਦੋਵਾਂ ਵਰਗਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਵਿਦਿਆਰਥੀਆਂ ਦੀ ਗਿਣਤੀ ਕ੍ਰਮਵਾਰ 38 ਅਤੇ 9 ਫ਼ੀਸਦੀ ਵਧੀ ਹੈ। ਸੀਬੀਐਸਈ ਵੱਲੋਂ ਮੰਗਲਵਾਰ ਨੂੰ ਐਲਾਨੇ ਨਤੀਜੇ ਵਿਚ 95 ਫ਼ੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਦੇ 41,804 ਦੇ ਮੁਕਾਬਲੇ ਵਧ ਕੇ 57,824 ਹੋ ਗਈ। ਇਸੇ ਤਰ੍ਹਾਂ 90 ਤੋਂ 95 ਫ਼ੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਜੋ ਪਿਛਲੇ ਸਾਲ 1,84,358 ਸੀ ਇਸ ਵਾਰ ਵਧ ਕੇ 2,00,962 ਹੋ ਗਈ ਹੈ। ਦਸਵੀਂ ਜਮਾਤ ਦੇ ਪੇਪਰ ਲਈ ਇਸ ਸਾਲ 21.13 ਲੱਖ ਵਿਦਿਆਰਥੀ ਰਜਿਸਟਰ ਹੋਏ ਸਨ। ਇਸ ਵਾਰ ਕਰੋਨਾ ਮਹਾਮਾਰੀ ਕਾਰਨ ਬੋਰਡ ਨੇ ਦਸਵੀਂ ਜਮਾਤ ਦੇ ਰੱਦ ਕਰ ਦਿੱਤੇ ਸਨ। ਇਹ ਨਤੀਜਾ ਇਸ ਵਾਰ ਅਲਟਰਨੇਟਿਵ ਅਸੈਸਮੈਂਟ ਪਾਲਿਸੀ ਦੇ ਆਧਾਰ ’ਤੇ ਐਲਾਨਿਆ ਗਿਆ ਹੈ। ਇਸ ਦੇ ਆਧਾਰ ’ਤੇ ਹਰ ਸਾਲ ਦੀ ਤਰ੍ਹਾਂ ਹਰੇਕ ਪੇਪਰ ਲਈ 20 ਨੰਬਰ ਇੰਟਰਨਲ ਅਸੈਸਮੈਂਟ ਦੇ ਦਿੱਤੇ ਗਏ ਜਦੋਂਕਿ 80 ਅੰਕ ਵਿਦਿਆਰਥੀ ਵੱਲੋਂ ਸਾਲ ਭਰ ਦੌਰਾਨ ਦਿੱਤੇ ਵੱਖ ਵੱਖ ਟੈਸਟਾਂ ਦੇ ਆਧਾਰ ’ਤੇ ਦਿੱਤੇ ਜਾਂਦੇ ਹਨ। ਪਿਛਲੇ ਸਾਲ ਕਰੋਨਾ ਦੀ ਦੂਜੀ ਲਹਿਰ ਦੇ ਪ੍ਰਭਾਵ ਕਾਰਨ ਇਮਤਿਹਾਨ ਰੱਦ ਕਰ ਦਿੱਤੇ ਗਏ ਸਨ। ਨਤੀਜੇ ਸਕੂਲ ਵਿੱਚ ਬੱਚਿਆਂ ਵੱਲੋਂ ਪਹਿਲਾਂ ਦਿੱਤੇ ਇਮਤਿਹਾਨਾਂ ਦੇ ਆਧਾਰ ’ਤੇ ਤਿਆਰ ਕੀਤੇ ਗਏ ਸਨ। ਇਸ ਸਾਲ ਸੀਬੀਐਸਈ ਦੇ ਨਤੀਜੇ ਵਿਚ ਕੁੱਲ ਪਾਸ ਵਿਦਿਆਰਥੀਆਂ ਦੀ ਫ਼ੀਸਦ ਦਰ 99.04 ਰਹੀ ਹੈ। -ਪੀਟੀਆਈ