ਨਵੀਂ ਦਿੱਲੀ, 6 ਅਕਤੂਬਰ
ਸੁਪਰੀਮ ਕੋਰਟ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਪਟਾਕਿਆਂ ’ਤੇ ਪਾਬੰਦੀ ਸਬੰਧੀ ਉਸ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਦੀ ਹਰੇਕ ਸੂਬੇ ਨੂੰ ਪਾਲਣਾ ਕਰਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਹਰੇ ਪਟਾਕਿਆਂ ਦੀ ਆੜ ਹੇਠ ਪਟਾਕੇ ਬਣਾਉਣ ਵਾਲਿਆਂ ਵੱਲੋਂ ਪਾਬੰਦੀਸ਼ੁਦਾ ਪਦਾਰਥਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਜਸਟਿਸ ਐੱਮ.ਆਰ. ਸ਼ਾਹ ਤੇ ਜਸਟਿਸ ਏ.ਐੱਸ. ਬੋਪੰਨਾ ਦੇ ਇਕ ਬੈਂਚ ਨੇ ਕਿਹਾ, ‘‘ਸਾਡੇ ਪਹਿਲੇ ਹੁਕਮਾਂ ਦੀ ਹਰੇਕ ਸੂਬੇ ਨੂੰ ਪਾਲਣਾ ਕਰਨੀ ਚਾਹੀਦੀ ਹੈ।’’ ਬੈਂਚ ਨੇ ਕਿਹਾ ਕਿ ਕੁੁਝ ਰਸਾਇਣਾਂ ਨਾਲ ਬਣੇ ਪਟਾਕਿਆਂ ’ਤੇ ਪਾਬੰਦੀ ਹੋਣ ਦੇ ਬਾਵਜੂਦ ਜੇਕਰ ਤੁਸੀਂ ਕਿਸੇ ਸ਼ਹਿਰ ਜਾਂ ਸਮਾਰੋਹ ਵਿਚ ਜਾਂਦੇ ਹੋ ਤਾਂ ਤੁਹਾਨੂੰ ਅਜਿਹੇ ਪਟਾਕੇ ਬਾਜ਼ਾਰ ਵਿਚ ਖੁੱਲ੍ਹੇ ਤੌਰ ’ਤੇ ਮਿਲ ਜਾਣਗੇ।’’ ਬੈਂਚ ਨੇ ਕਿਹਾ ਕਿ ਅਦਾਲਤ ਜ਼ਸਨ ਮਨਾਉਣ ਦੇ ਖ਼ਿਲਾਫ਼ ਨਹੀਂ ਹੈ ਪਰ ਹੋਰ ਲੋਕਾਂ ਦੀ ਜ਼ਿੰਦਗੀ ਦੀ ਕੀਮਤ ’ਤੇ ਨਹੀਂ। ਅਦਾਲਤ ਨੇ ਕਿਹਾ ਕਿ ਜਸ਼ਨ ਦਾ ਮਤਲਬ ਤੇਜ਼ ਆਵਾਜ਼ ਵਾਲੇ ਪਟਾਕਿਆਂ ਦਾ ਇਸਤੇਮਾਲ ਨਹੀਂ ਹੈ, ਇਹ ਫੁਲਝੜੀ ਨਾਲ ਵੀ ਹੋ ਸਕਦਾ ਹੈ ਅਤੇ ਸ਼ੋਰ ਨਾ ਮਚਾਉਣ ਵਾਲੇ ਪਟਾਕਿਆਂ ਨਾਲ ਵੀ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਮੁੱਖ ਸਮੱਸਿਆ ਉਸ ਦੇ ਹੁਕਮਾਂ ਦੇ ਲਾਗੂਕਰਨ ਨੂੰ ਲੈ ਕੇ ਹੈ। ਅਦਾਲਤ ਨੇ ਦੋਹਾਂ ਪੱਖਾਂ ਨੂੰ ਸੀਬੀਆਈ ਰਿਪੋਰਟ ਦੇ ਜਵਾਬ ਵਿਚ ਦਾਇਰ ਜਵਾਬੀ ਹਲਫ਼ਨਾਮਿਆਂ ਦੀਆਂ ਕਾਪੀਆਂ ਇਕ-ਦੂਜੇ ਨੂੰ ਦੇਣ ਲਈ ਕਿਹਾ ਅਤੇ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਤੈਅ ਕੀਤੀ। -ਆਈਏਐੱਨਐੱਸ