ਨਵੀਂ ਦਿੱਲੀ, 8 ਅਕਤੂਬਰ
ਕੇਂਦਰ ਸਰਕਾਰ ਨੇ ਬਿਹਾਰ ਅਤੇ ਜ਼ਿਮਨੀ ਚੋਣਾਂ ਵਾਲੇ ਹੋਰਨਾਂ ਹਲਕਿਆਂ ਵਿੱਚ ਕੁਝ ਸ਼ਰਤਾਂ ਤਹਿਤ ਸਿਆਸੀ ਇਕੱਠ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਵੱਲੋਂ ਜਾਰੀ ਹਦਾਇਤਾਂ ਵਿੱਚ 30 ਸਤੰਬਰ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਥੋੜ੍ਹਾ ਜਿਹਾ ਬਦਲਾਅ ਕੀਤਾ ਗਿਆ ਹੈ। ਪਿਛਲੇ ਮਹੀਨੇ ਜਾਰੀ ਹਦਾਇਤਾਂ ਵਿੱਚ 15 ਅਕਤੂਬਰ ਤੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਿਆਸੀ ਇਕੱਠਾਂ ਦੀ ਪ੍ਰਵਾਨਗੀ ਦਿੱਤੀ ਗਈ ਸੀ। ਸੱਜਰੀਆਂ ਹਦਾਇਤਾਂ ਮੁਤਾਬਕ ਹੁਣ 15 ਅਕਤੂਬਰ ਤੋਂ ਪਹਿਲਾਂ ਵੀ ਸਿਆਸੀ ਇਕੱਠ ਕੀਤੇ ਜਾ ਸਕਣਗੇ।
ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 10(2)(1) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ 15 ਅਕਤੂਬਰ ਤੋਂ ਪਹਿਲਾਂ ਸਿਆਸੀ ਇਕੱਠ ਕਰਨ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿੱਚ ਸ਼ਰਤਾਂ ਤਹਿਤ ਸੌ ਤੋਂ ਵੱਧ ਲੋਕਾਂ ਦਾ ਇਕੱਠ ਕੀਤਾ ਜਾ ਸਕਦਾ ਹੈ। ਸ਼ਰਤਾਂ ਮੁਤਾਬਕ ਕਿਸੇ ਬੰਦ ਥਾਂ ਵਿੱਚ ਸਿਆਸੀ ਇਕੱਠ ਕਰਨ ਮੌਕੇ ਹਾਲ ਦੀ ਸਮਰੱਥਾ ਦਾ ਵੱਧ ਤੋਂ ਵੱਧ 50 ਫੀਸਦ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਇਹ ਗਿਣਤੀ 200 ਤੋਂ ਵੱਧ ਨਹੀਂ ਹੋਵੇਗੀ ਤੇ ਮਾਸਕ ਪਾਉਣਾ, ਸਮਾਜਿਕ ਦੂਰੀ, ਥਰਮਲ ਸਕੈਨਿੰਗ ਤੇ ਸੈਨੇਟਾਈਜ਼ਰ ਆਦਿ ਮਾਪਦੰਡਾਂ ਦੀ ਪਾਲਣਾ ਲਾਜ਼ਮੀ ਹੋਵੇਗੀ। ਖੁੱਲ੍ਹੀ ਥਾਂ ’ਤੇ ਸਿਆਸੀ ਇਕੱਠ ਮੈਦਾਨ ਦੀ ਲੰਬਾਈ ਚੌੜਾਈ ’ਤੇ ਮੁਨੱਸਰ ਕਰੇਗਾ। ਗ੍ਰਹਿ ਸਕੱਤਰ ਨੇ ਕਿਹਾ ਕਿ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਸਿਆਸੀ ਇਕੱਠਾਂ ’ਤੇ ਲਗਾਮ ਕੱਸਣ ਲਈ ਤਫ਼ਸੀਲ ’ਚ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ ਤੇ ਇਨ੍ਹਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਬਿਹਾਰ ਵਿੱਚ ਤਿੰਨ ਗੇੜਾਂ ਤਹਿਤ ਅਸੈਂਬਲੀ ਚੋਣਾਂ ਲਈ ਵੋਟਿੰਗ 27 ਅਕਤੂਬਰ ਤੋਂ ਸ਼ੁਰੂ ਹੋਵੇਗੀ। -ਪੀਟੀਆਈ