ਪੁਣੇ, 10 ਮਈ
ਐਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਵਿਚ ਕੇਂਦਰ ਸਰਕਾਰ ‘100 ਫੀਸਦੀ ਨਾਕਾਮ’ ਹੋ ਗਈ ਹੈ, ਪਰ ਕੁਝ ਲੋਕਾਂ ਵੱਲੋਂ ਅਯੁੱਧਿਆ ਦਾ ਦੌਰਾ ਕਰਨ ਤੇ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਜਿਹੇ ਮੁੱਦਿਆਂ ਨੂੰ ਹੀ ਉਭਾਰਿਆ ਜਾ ਰਿਹਾ ਹੈ। ਪਵਾਰ ਨੇ ਕੋਹਲਾਪੁਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਯੁੱਧਿਆ ਜਾਣਾ ਕੋਈ ਕੌਮੀ ਮੁੱਦਾ ਨਹੀਂ ਹੈ।’ ਪਵਾਰ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਇਕ ਵੀ ਅਜਿਹਾ ਮਾਮਲਾ ਨਹੀਂ ਦੇਖਿਆ ਜਿੱਥੇ ਈਡੀ ਨੇ ਉਨ੍ਹਾਂ ਲੋਕਾਂ ਉਤੇ ਛਾਪੇ ਮਾਰੇ ਹੋਣ ਜੋ ਕੇਂਦਰ ਸਰਕਾਰ ਦਾ ਹਿੱਸਾ ਹਨ, ਪਰ ਵਿਰੋਧੀ ਧਿਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਦੇਸ਼ਧ੍ਰੋਹ ਕਾਨੂੰਨ ਦੇ ਮੁੱਦੇ ’ਤੇ ਕੇਂਦਰ ਵੱਲੋਂ ਸੁਪਰੀਮ ਕੋਰਟ ਵਿਚ ਦਿੱਤੇ ਬਿਆਨਾਂ ਦੇ ਸੰਦਰਭ ਵਿਚ ਪਵਾਰ ਨੇ ਕਿਹਾ ਕਿ ਉਹ ਪਹਿਲਾਂ ਹੀ ਕੋਰੇਗਾਓਂ-ਭੀਮਾ ਜਾਂਚ ਕਮਿਸ਼ਨ ਕੋਲ ਇਸ ਦਾ ਵਿਰੋਧ ਕਰ ਚੁੱਕੇ ਹਨ। -ਪੀਟੀਆਈ
‘ਭਾਜਪਾ ਖ਼ਿਲਾਫ਼ ਬਦਲਵੇਂ ਫਰੰਟ ਬਾਰੇ ਗੱਲਬਾਤ ਜਾਰੀ’
ਐਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਭਾਜਪਾ ਖ਼ਿਲਾਫ਼ ਬਦਲਵਾਂ ਫਰੰਟ ਕਾਇਮ ਕਰਨ ਬਾਰੇ ਗੱਲਬਾਤ ਚੱਲ ਰਹੀ ਹੈ। ਹਰ ਪਾਰਟੀ ਅੰਦਰੂਨੀ ਪੱਧਰ ’ਤੇ ਫ਼ੈਸਲਾ ਲਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ‘ਚਿੰਤਨ’ ਕੈਂਪ ਵੀ ਚੱਲ ਰਿਹਾ ਹੈ ਤੇ ਉਹ ਵੀ ਕਿਸੇ ਸਿੱਟੇ ਉਤੇ ਪਹੁੰਚਣਗੇ।