ਸ੍ਰੀਨਗਰ, 2 ਅਕਤੂਬਰ
ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਸ਼ਨਿੱਚਰਵਾਰ ਨੂੰ ਕੇਂਦਰ ’ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸ੍ਰੀਨਗਰ ਵਿੱਚ ਲੋਕਾਂ ਨੂੰ ਮਸਜਿਦਾਂ ਸਣੇ ਹੋਰ ਧਾਰਮਿਕ ਸਥਾਨਾਂ ਵਿੱਚ ਸਿਜਦਾ ਕਰਨ ਤੋਂ ਰੋਕ ਕੇ ਭਾਰਤ ਸਰਕਾਰ ਬਹੁ ਗਿਣਤੀ ਵਾਲੇ ਫਿਰਕੇ ਦੀਆਂ ਭਾਵਨਾਵਾਂ ਦਾ ਨਿਰਾਦਰ ਕਰ ਰਹੀ ਹੈ। ਮਹਬਿੂਬਾ, ਕੋਵਿਡ-19 ਦੇ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਪਿਛਲੇ ਕੁਝ ਹਫ਼ਤਿਆਂ ਤੋਂ ਬੰਦ ਕੀਤੀਆਂ ਮਸਜਿਦਾਂ ਸਬੰਧੀ ਪ੍ਰਤੀਕਿਰਿਆ ਦੇ ਰਹੇ ਸਨ।
ਪੀਡੀਪੀ ਪ੍ਰਧਾਨ ਨੇ ਟਵਿੱਟਰ ’ਤੇ ਲਿਖਿਆ,‘ਕਸ਼ਮੀਰ ਵਿੱਚ ਮਸਜਿਦਾਂ ਤੇ ਮੰਦਰਾਂ ਵਿੱਚ ਲੋਕਾਂ ਨੂੰ ਸਿਜਦਾ ਤੇ ਪੂਜਾ ਕਰਨ ਤੋਂ ਰੋਕ ਕੇ ਭਾਰਤ ਸਰਕਾਰ ਨੇ ਬਹੁ ਗਿਣਤੀ ਸਮੁਦਾਇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਕੀਤਾ ਹੈ। ਉਹ ਵੀ ਅਜਿਹੇ ਸਮੇਂ ਜਦੋਂ ਪਾਰਕ ਤੇ ਹੋਰ ਜਨਤਕ ਥਾਵਾਂ ਖੁੱਲ੍ਹੀਆਂ ਹੋਈਆਂ ਹਨ ਅਤੇ ਦਿਨ ਵਿੱਚ ਕਿੰਨੇ ਹੀ ਸਰਕਾਰੀ ਸਮਾਗਮ ਕਰਵਾਏ ਜਾ ਰਹੇ ਹਨ।’ ਉਨ੍ਹਾਂ ਕਿਹਾ ਕਿ ਇਹ ਪੱਖਪਾਤ ਬੰਦ ਹੋਵੇ। -ਪੀਟੀਆਈ