ਮੁੰਬਈ, 12 ਅਪਰੈਲ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਮਹਾਰਾਸ਼ਟਰ, ਛੱਤੀਸਗੜ੍ਹ ਤੇ ਪੰਜਾਬ ਵਿੱਚ ਕਰੋਨਾਵਾਇਰਸ ਪਾਜ਼ੇਟਿਵ ਕੇਸਾਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਦਾਰ ਦੱਸਿਆ ਹੈ। ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਨੇ ਕੇਂਦਰ ਵੱਲੋਂ ਜਾਰੀ ਹਰ ਦਿਸ਼ਾ ਨਿਰਦੇਸ਼ ਦਾ ਪਾਲਣ ਕੀਤਾ ਹੈ ਤੇ ਕੇਂਦਰ ਸਰਕਾਰ ਸੂੁਬਿਆਂ ਸਿਰ ਦੋਸ਼ ਮੜ੍ਹਨ ਦੀ ਥਾਂ ਸੰਵੇਦਨਸ਼ੀਲਤਾ ਤੇ ਵਧੇਰੇ ਚੌਕਸੀ ਨਾਲ ਕੰਮ ਲਏ। ਚੇਤੇ ਰਹੇ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਸ ਰਾਜਾਂ- ਮਹਾਰਾਸ਼ਟਰ, ਯੂਪੀ, ਦਿੱਲੀ, ਛੱਤੀਸਗੜ੍ਹ, ਕਰਨਾਟਕ, ਕੇਰਲਾ, ਤਾਮਿਲ ਨਾਡੂ, ਮੱਧ ਪ੍ਰਦੇਸ਼, ਗੁਜਰਾਤ ਤੇ ਰਾਜਸਥਾਨ ਵਿੱੱਚ ਕੋਵਿਡ-19 ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਤੇ ਕਰੋਨਾਵਾਇਰਸ ਦੇ 83.02 ਫੀਸਦ ਨਵੇਂ ਕੇਸ ਇਨ੍ਹਾਂ ਰਾਜਾਂ ਨਾਲ ਹੀ ਸਬੰਧਤ ਹਨ। ਰਾਊਤ ਨੇ ਕਿਹਾ, ‘ਜੇ ਮਹਾਰਾਸ਼ਟਰ ਤੇ ਦੋ ਹੋਰ ਰਾਜ (ਪੰਜਾਬ ਤੇ ਛੱਤੀਸਗੜ੍ਹ) ਨਾਕਾਮ ਰਹੇ ਹਨ, ਤਾਂ ਪਹਿਲੀ ਨਾਕਾਮੀ ਕੇਂਦਰ ਦੀ ਹੈ ਕਿਉਂਕਿ ਪੂਰਾ ਮੁਲਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਾਇਰਸ ਖ਼ਿਲਾਫ਼ ਲੜਾਈ ਲੜ ਰਿਹਾ ਹੈ।’ ਨਾਕਾਮੀ ਲਈ ਸਿਰਫ਼ ਗੈਰ-ਭਾਜਪਾ ਸ਼ਾਸਿਤ ਰਾਜਾਂ ਨੂੰ ਨਿਸ਼ਾਨਾ ਬਣਾਉਣ ’ਤੇ ਸਵਾਲ ਉਠਾਉਂਦਿਆਂ ਰਾਊਤ ਨੇ ਦਾਅਵਾ ਕੀਤਾ, ‘ਕੀ ਜਿਨ੍ਹਾਂ ਰਾਜਾਂ ’ਚ ਭਾਜਪਾ ਦੇ ਮੁੱਖ ਮੰਤਰੀ ਹਨ ਉਥੋਂ ਕਰੋਨਾਵਾਇਰਸ ਗਾਇਬ ਹੋ ਗਿਆ ਹੈ? ਕੇਂਦਰ ਸਰਕਾਰ ਨੂੰ ਮਹਾਰਾਸ਼ਟਰ ਨੂੰ ਵੈਕਸੀਨ ਤੇ ਰੈਮਡੇਸਿਵਿਰ ਮੁਹੱਈਆ ਕਰਵਾਉਣੇ ਚਾਹੀਦੇ ਹਨ। ਹਰ ਕਿਸੇ ਨੇ ਵੇਖਿਆ ਹੈ ਕਿ ਕਿਵੇਂ ਗੁਜਰਾਤ ਦੇ ਭਾਜਪਾ ਦਫ਼ਤਰਾਂ ਵਿੱਚ ਰੈਮਡੇਸਿਵਿਰ ਉਪਲੱਬਧ ਹੈ।’ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਭਾਜਪਾ ਦੇ ਆਗੂਆਂ ਨੂੰ ‘ਸੂੁਬੇ ਦੀ ਦਿੱਖ ਖ਼ਰਾਬ’ ਕਰਨ ਦੇ ਕੀਤੇ ਜਾ ਰਹੇ ਯਤਨਾਂ ਦੀ ਨਿਖੇਧੀ ਕਰਨੀ ਚਾਹੀਦੀ ਹੈ, ਜਾਂ ਫਿਰ ‘ਉਨ੍ਹਾਂ ਦਾ ਸੂਬੇ ਦੀ ਸਿਆਸਤ ਵਿੱਚ ਕੋਈ ਕੰਮ ਨਹੀਂ ਹੈ।’ -ਪੀਟੀਆਈ