ਮਦੁਰਾਇ, 14 ਜਨਵਰੀ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਦੀ ਐੱਨਡੀਏ ਸਰਕਾਰ ਦੋ-ਤਿੰਨ ਕਾਰੋਬਾਰੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨਾਂ, ਖ਼ਾਸ ਕਰ ਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ’ਤੇ ਚੱਲਣ ਲਈ ਮਜਬੂਰ ਕੀਤਾ ਹੈ। ਉਹ ਇੱਥੇ ਤਾਮਿਲਨਾਡੂ ਦੀ ਰਵਾਇਤੀ ਖੇਡ ਜਲੀਕੱਟੂ ਦੇਖਣ ਤੋਂ ਬਾਅਦ ਦਿੱਲੀ ਮੁੜਨ ਤੋਂ ਪਹਿਲਾਂ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਗਾਂਧੀ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚ ਰਹੀ ਹੈ ਪਰ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੇਗੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਸਰਕਾਰ ਕਿਸਾਨਾਂ ਨੂੰ ਸਿਰਫ਼ ਅਣਗੌਲਿਆਂ ਨਹੀਂ ਕਰ ਰਹੀ ਬਲਕਿ ਉਨ੍ਹਾਂ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚ ਰਹੀ ਹੈ ਕਿਉਂਕਿ ਸਰਕਾਰ ’ਚ ਬੈਠੇ ਲੋਕ ਆਪਣੇ ਦੋ-ਤਿੰਨ ਦੋਸਤਾਂ ਨੂੰ ਫ਼ਾਇਦਾ ਪਹੁੰਚਾਉਣਾ ਚਾਹੁੰਦੇ ਹਨ। ਉਹ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਆਪਣੋ ਦੋ-ਤਿੰਨ ਕਾਰੋਬਾਰੀ ਦੋਸਤਾਂ ਨੂੰ ਦੇਣਾ ਚਾਹੁੰਦੇ ਹਨ।’’
ਕਾਂਗਰਸੀ ਆਗੂ ਨੇ ਕਿਹਾ, ‘‘ਤੁਸੀਂ ਕਿਸਾਨਾਂ ਨੂੰ ਦਬਾਅ ਰਹੇ ਹੋ ਅਤੇ ਕੁੱਝ ਕੁ ਕਾਰੋਬਾਰੀਆਂ ਦੀ ਮਦਦ ਕਰ ਰਹੇ ਹੋ।’’ ਆਪਣੀ ਪਾਰਟੀ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ, ‘‘ਮੇਰੇ ਇਹ ਸ਼ਬਦ ਚੇਤੇ ਰੱਖਣਾ ਸਰਕਾਰ ਨੂੰ ਇਹ ਤਿੰਨੋਂ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਕਿਸਾਨ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਆਮ ਆਦਮੀ ਨੂੰ ਸਹਿਯੋਗ ਨਾ ਦੇਣ ਦੇ ਦੋਸ਼ ਲਾਉਂਦਿਆਂ ਰਾਹੁਲ ਨੇ ਸਵਾਲ ਕੀਤਾ, ‘‘ਤੁਸੀਂ ਕਿਨ੍ਹਾਂ ਦੇ ਪ੍ਰਧਾਨ ਮੰਤਰੀ ਹੋ? ਤੁਸੀਂ ਭਾਰਤ ਦੇ ਲੋਕਾਂ ਦੇ ਪ੍ਰਧਾਨ ਮੰਤਰੀ ਹੋ ਜਾਂ ਦੋ-ਤਿੰਨ ਚੋਣਵੇਂ ਕਾਰੋਬਾਰੀਆਂ ਦੇ? ਸ੍ਰੀ ਗਾਂਧੀ ਨੇ ਕਿਹਾ ਕਿ ਮਹੀਨਿਆਂ ਤੋਂ ਭਾਰਤ-ਚੀਨ ਵਿਚਾਲੇ ਚੱਲ ਰਹੇ ਤਣਾਅ ਸਬੰਧੀ ਸ੍ਰੀ ਮੋਦੀ ਚੁੱਪ ਕਿਉਂ ਹਨ? ਚੀਨੀ ਲੋਕ ਭਾਰਤੀ ਜ਼ਮੀਨ ’ਤੇ ਕਿਉਂ ਬੈਠੇ ਹਨ?’’
ਇਸ ਤੋਂ ਪਹਿਲਾਂ ਕਾਂਗਰਸੀ ਆਗੂ ਨੇ ਇੱਥੇ ਤਾਮਿਲਨਾਡੂ ਦੀ ਰਵਾਇਤੀ ਖੇਡ ਜਲੀਕੱਟੂ ਦਾ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਉਹ ਇੱਥੇ ਉਨ੍ਹਾਂ ਲੋਕਾਂ ਨੂੰ ਸੁਨੇਹਾ ਦੇਣ ਆਏ ਹਨ ਜੋ ਸੋਚਦੇ ਹਨ ਕਿ ਤਾਮਿਲ ਸਭਿਚਾਰ ਨੂੰ ਦਬਾਇਆ ਜਾ ਸਕਦਾ ਹੈ। ਇਸ ਦੌਰਾਨ ਸ੍ਰੀ ਗਾਂਧੀ ਨੇ ਕਿਹਾ, ‘‘ਦਿੱਲੀ ਵਿੱਚ ਬੈਠੀ ਸਰਕਾਰ ਇਹ ਸੋਚਦੀ ਹੈ ਕਿ ਉਹ ਇਸ ਦੇਸ਼ ਦੀ ਸਭਿਅਤਾ ਨੂੰ ਬਰਬਾਦ ਕਰ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਅੱਜ ਜਲੀਕੱਟੂ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਸਮਝ ਆਇਆ ਕਿ ਤਾਮਿਲ ਲੋਕ ਇਸ ਖੇਡ ਨੂੰ ਐਨਾ ਪਸੰਦ ਕਿਉਂ ਕਰਦੇ ਹਨ। ਉਨ੍ਹਾਂ ਕਿਹਾ ਕਈ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਇਸ ਖੇਡ ਵਿੱਚ ਬਲ਼ਦਾਂ ਨੂੰ ਨੁਕਸਾਨ ਪਹੁੰਚਦਾ ਹੈ ਪਰ ਅੱਜ ਇਹ ਖੇਡ ਦੇਖਣ ਤੋਂ ਬਾਅਦ ਉਹ ਇਹ ਕਹਿ ਸਕਦੇ ਹਨ ਕਿ ਜਿਸ ਤਰੀਕੇ ਨਾਲ ਇਹ ਖੇਡ ਖੇਡਿਆ ਜਾਂਦਾ ਹੈ, ਬਲ਼ਦਾਂ ਨੂੰ ਸੱਟ ਲੱਗਣ ਦਾ ਸੁਆਲ ਹੀ ਨਹੀਂ ਪੈਦਾ ਹੁੰਦਾ।
ਜੇਕਰ ਕੋਈ ਜ਼ਖ਼ਮੀ ਹੁੰਦਾ ਹੈ ਤਾਂ ਉਹ ਹਨ ਨੌਜਵਾਨ ਜੋ ਇਹ ਖੇਡ ਖੇਡ ਰਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਤਾਮਿਲ ਸਭਿਆਚਾਰ ਨੂੰ ਐਕਸ਼ਨ ’ਚ ਦੇਖਣਾ ਚੰਗਾ ਤਜਰਬਾ ਰਿਹਾ। ਇਸ ਦੌਰਾਨ ਸ੍ਰੀ ਗਾਂਧੀ ਨੇ ਥੈਨਪਲਾਣਜੀ ਪਿੰਡ ਦੇ ਲੋਕਾਂ ਨਾਲ ਪੋਂਗਲ ਮਨਾਇਆ ਅਤੇ ਬੈਠ ਕੇ ਖਾਣਾ ਵੀ ਖਾਧਾ। ਉਨ੍ਹਾਂ ਸਥਾਨਕ ਨੌਜਵਾਨਾਂ ਨਾਲ ਤਸਵੀਰਾਂ ਖਿਚਵਾਈਆਂ ਤੇ ਕੁਝ ਬਜ਼ੁਰਗ ਲੋਕਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਕੇ.ਸੀ. ਵੇਣੂਗੋਪਾਲ, ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ, ਤਾਮਿਲਨਾਡੂ ਕਾਂਗਰਸ ਦੇ ਪ੍ਰਧਾਨ ਕੇ.ਐੱਸ. ਅਲਾਗਿਰੀ ਅਤੇ ਡੀਐੱਮਕੇ ਦੇ ਯੂਥ ਵਿੰਗ ਦੇ ਸਕੱਤਰ ਉਦੈਨਿਧੀ ਸਟਾਲਿਨ ਵੀ ਮੌਜੂਦ ਸਨ। -ਪੀਟੀਆਈ
‘ਰਾਹੁਲ ਦਾ ਦੌਰਾ ਪਖੰਡ ਕਰਾਰ’
ਭਾਜਪਾ ਨੇ ਰਾਹੁਲ ਦੇ ਇਸ ਦੌਰੇ ਨੂੰ ‘ਪਖੰਡ’ ਕਰਾਰ ਦਿੱਤਾ। ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਤਾਮਿਲਨਾਡੂ ਦੇ ਇੰਚਾਰਜ ਸੀ.ਟੀ. ਰਵੀ ਨੇ ਦੋਸ਼ ਲਗਾਇਆ ਕਿ ਰਾਹੁਲ ਨੇ ਪਖੰਡ ਕਰ ਕੇ ਜਲੀਕੱਟੂ ’ਤੇ ਤਾਮਿਲ ਲੋਕਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਰਾਹੁਲ ਦੇ ਅਵਨੀਆਪੁਰਮ ਦੇ ਦੌਰੇ ’ਤੇ ਵਰ੍ਹਦਿਆਂ ਕਿਹਾ ਕਿ ਯੂਪੀਏ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਇਸ ਖੇਡ ’ਤੇ ਪਾਬੰਦੀ ਲਗਾਈ ਸੀ। ਰਵੀ ਨੇ ਟਵੀਟ ਕੀਤਾ, ‘‘ਰਾਹੁਲ, ਤੁਹਾਡੀ ਸਰਕਾਰ ਨੇ ਸਾਲ 2011 ਵਿੱਚ ਜਲੀਕੱਟੂ ’ਤੇ ਪਾਬੰਦੀ ਲਗਾਈ ਸੀ ਅਤੇ ਆਪਣੇ ਚੋਣ ਮੈਨੀਫੈਸਟੋ ’ਚ ਇਸ ਖੇਡ ’ਤੇ ਪਾਬੰਦੀ ਲਾਉਣ ਦਾ ਸਮਰਥਨ ਕੀਤਾ ਸੀ। ਅੱਜ ਤੁਸੀਂ ਇਹ ਰਵਾਇਤੀ ਖੇਡ ਦੇਖਣ ਲਈ ਤਾਮਿਲਨਾਡੂ ਆਏ ਹੋ। ਕੀ ਤੁਸੀਂ ਲੋਕਾਂ ਦਾ ਅਪਮਾਨ ਨਹੀਂ ਕਰ ਰਹੇ? ਪੋਂਗਲ ਦੀਆਂ ਮੁਬਾਰਕਾਂ।’’