ਨਵੀਂ ਦਿੱਲੀ, 26 ਜੂਨ
ਕੇਂਦਰ ਸਰਕਾਰ ਨੇ ਸ਼ਿਵ ਸੈਨਾ ਦੇ ਘੱਟੋ-ਘੱਟ 15 ਬਾਗ਼ੀ ਵਿਧਾਇਕਾਂ ਨੂੰ ਸੀਆਰਪੀਐੱਫ ਕਮਾਂਡੋਜ਼ ਦੇ ਸੁਰੱਖਿਆ ਘੇਰੇ ਵਾਲੀ ਵਾਈ-ਪਲੱਸ ਸੁਰੱਖਿਆ ਦੇ ਦਿੱਤੀ ਹੈ। ਇਸ ਦੌਰਾਨ ਸ਼ਿਵ ਸੈਨਾ ਵਿਧਾਇਕ ਤੇ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਮਹਾਰਾਸ਼ਟਰ ਅਸੈਂਬਲੀ ਦੇ ਡਿਪਟੀ ਸਪੀਕਰ ਵੱਲੋਂ 16 ਬਾਗ਼ੀ ਵਿਧਾਇਕਾਂ ਖਿਲਾਫ਼ ਜਾਰੀ ਅਯੋਗਤਾ ਨੋਟਿਸ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਬੀ.ਪਰਦੀਵਾਲਾ ਵੱਲੋਂ ਸ਼ਿੰਦੇ ਦੀ ਅਪੀਲ ’ਤੇ ਸੋਮਵਾਰ ਨੂੰ ਸੁਣਵਾਈ ਕੀਤੀ ਜਾਵੇਗੀ।
ਕੇਂਦਰ ਵੱਲੋਂ ਸੁਰੱਖਿਆ ਹਾਸਲ ਕਰਨ ਵਾਲਿਆਂ ਵਿੱਚ ਰਮੇਸ਼ ਬੋਰਨਾਰੇ, ਮੰਗੇਸ਼ ਕੁਦਾਲਕਰ, ਸੰਜੈ ਸ਼ਿਰਸਾਤ, ਲਤਾਬਾਈ ਸੋਨਾਵਨੇ, ਪ੍ਰਕਾਸ਼ ਸੁਰਵੇ ਤੇ ਦਸ ਹੋਰ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਦੇ ਮਹਾਰਾਸ਼ਟਰ ਵਿੱਚ ਰਹਿੰਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਬਾਹਰ ਟੀਮਾਂ ਤਾਇਨਾਤ ਕਰਕੇ ਸੁਰੱਖਿਆ ਮੁਹੱਈਆ ਕੀਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਸਿਫ਼ਾਰਸ਼ ਦੇ ਆਧਾਰ ’ਤੇ ਗ੍ਰਹਿ ਮੰਤਰਾਲੇ ਨੇ ਵਿਧਾਇਕਾਂ ਨੂੰ ਸੁਰੱਖਿਆ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਮਹਾਰਾਸ਼ਟਰ ਦੇ ਮੌਜੂਦਾ ਸਿਆਸੀ ਹਾਲਾਤ ਕਰਕੇ ਵਿਧਾਇਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖ਼ਤਰਾ ਸੀ। ਵਿਧਾਇਕਾਂ ਦੇ ਮਹਾਰਾਸ਼ਟਰ ਪਰਤਣ ਮਗਰੋਂ 4-5 ਸੀਆਰਪੀਐੱਫ ਕਮਾਂਡੋ ਸ਼ਿਫਟਾਂ ਵਿੱਚ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਰਹਿਣਗੇ। ਉਧਰ ਮੁੰਬਈ ਵਿੱਚ ਵੀ ਸ਼ਿਵ ਸੈਨਾ ਨੇ ਕਾਨੂੰਨੀ ਲੜਾਈ ਲਈ ਕਮਰ ਕੱਸ ਲਈ ਹੈ। ਸ਼ਿਵ ਸੈਨਾ ਦੇ ਕਾਨੂੰਨੀ ਸਲਾਹਕਾਰ-ਕਮ-ਕੌਂਸਲ ਦੇਵਦੱਤ ਕਾਮਤ ਨੇ ਕਿਹਾ ਕਿ ਮਹਾਰਾਸ਼ਟਰ ਅਸੈਂਬਲੀ ਦੇ ਡਿਪਟੀ ਸਪੀਕਰ ਨੂੰ ਸਪੀਕਰ ਦੀ ਗੈਰਮੌਜੂਦਗੀ ਵਿੱਚ ਫੈਸਲਾ ਲੈਣ ਦਾ ਪੂਰਾ ਅਧਿਕਾਰ ਹੈ। ਕਾਮਤ ਨੇ ਸ਼ਿਵ ਸੈਨਾ ਦੇ ਮੁੱਖ ਤਰਜਮਾਨ ਤੇ ਲੋਕ ਸਭਾ ਮੈਂਬਰ ਅਰਵਿੰਦ ਸਾਵੰਤ ਦੀ ਹਾਜ਼ਰੀ ਵਿੱਚ ਕਿਹਾ, ‘‘ਕੋਈ ਵਿਧਾਨਕ ਪਾਰਟੀ ਸੁਪਰੀਮ ਨਹੀਂ ਹੈ ਤੇ ਇਸ ਪਾਰਟੀ ਦੇ ਬਹੁਮੱਤ ਦਾ ਕੋਈ ਅਰਥ ਨਹੀਂ, ਜੇਕਰ ਇਹ ਪਾਰਟੀ ਕਿਸੇ ਅਸਲ ਪਾਰਟੀ ’ਚੋਂ ਨਿਕਲ ਕੇ ਬਣੀ ਹੈ। ਅਸੀਂ ਕਾਨੂੰਨੀ ਲੜਾਈ ਦੀ ਤਿਆਰੀ ਕਰ ਰਹੇ ਹਾਂ।’’ ਕਾਮਤ ਨੇ ਕਿਹਾ ਕਿ 16 ਬਾਗ਼ੀ ਵਿਧਾਇਕਾਂ ਖਿਲਾਫ਼ ਅਯੋਗਤਾ ਕਾਰਵਾਈ ਸੰਵਿਧਾਨ ਦੇ 10ਵੇਂ ਸ਼ਡਿਊਲ ਦੀ ਪੈਰਾ 2.1 ਏ ਤਹਿਤ ਹੀ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਕਈ ਫੈਸਲਿਆਂ ਵਿੱਚ ਵਿਧਾਇਕਾਂ ਵੱਲੋਂ ਸਦਨ ਦੇ ਬਾਹਰ ਕਾਰਵਾਈਆਂ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੱਸਿਆ ਗਿਆ ਹੈ, ਜਿਸ ਲਈ ਉਨ੍ਹਾਂ ਨੂੰ ਅਯੋਗ ਠਹਿਰਾਇਆ ਜਾ ਸਕਦਾ ਹੈ। -ਪੀਟੀਆਈ
ਸਾਮੰਤ ਵੀ ਬਾਗ਼ੀ ਖੇਮੇ ’ਚ ਸ਼ਾਮਲ
ਮੰਤਰੀ ਉਦੈ ਸਾਮੰਤ ਵੀ ਗੁਹਾਟੀ ਵਿੱਚ ਅੱਜ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਬਾਗ਼ੀ ਖੇਮੇ ਵਿੱਚ ਸ਼ਾਮਲ ਹੋ ਗਏ ਹਨ। ਸਾਮੰਤ ਸੂਰਤ ਤੋਂ ਗੁਹਾਟੀ ਪੁੱਜਾ ਹੈ। ਸੂਤਰਾਂ ਨੇ ਕਿਹਾ ਕਿ ਸਾਮੰਤ ਤਿੰਨ ਹੋਰਨਾਂ ਨਾਲ ਚਾਰਟਰਡ ਉਡਾਣ ਰਾਹੀਂ ਲੋਕਪ੍ਰਿਆ ਗੋਪੀਨਾਥ ਬੋਰਡੋਲੋਈ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਾ।
ਰਾਜਪਾਲ ਕੋਸ਼ਿਆਰੀ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ
ਮੁੰਬਈ: ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ(80) ਨੂੰ ਅੱਜ ਹਸਪਤਾਲ ਵਿੱਚੋੋਂ ਛੁੱਟੀ ਮਿਲ ਗਈ ਹੈ। ਕੋਸ਼ਿਆਰੀ ਨੂੰ ਕਰੋਨਾ ਦੀ ਲਾਗ ਲਈ ਪਾਜ਼ੇਟਿਵ ਨਿਕਲਣ ਮਗਰੋਂ ਬੁੱਧਵਾਰ ਨੂੰ ਦੱਖਣੀ ਮੁੰਬਈ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਰਾਜ ਭਵਨ ਨੇ ਇਕ ਬਿਆਨ ਵਿੱਚ ਕਿਹਾ ਕਿ ਚਾਰ ਦਿਨ ਹਸਪਤਾਲ ’ਚ ਦਾਖ਼ਲ ਰਹਿਣ ਮਗਰੋਂ ਰਾਜਪਾਲ ਆਪਣੀ ਸਰਕਾਰੀ ਰਿਹਾਇਸ਼ ਵਿੱਚ ਪਰਤ ਆਏ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਰਾਜਪਾਲ ਨੇ ਵੀ ਬਾਗ਼ੀ ਵਿਧਾਇਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਅਪੀਲ ਕੀਤੀ ਹੈ। ਕੇਂਦਰੀ ਗ੍ਰਹਿ ਸਕੱਤਰ ਏ.ਕੇ.ਭੱਲਾ ਨੂੰ ਲਿਖੇ ਪੱਤਰ ਵਿੱਚ ਕੋਸ਼ਿਆਰੀ ਨੇ ਕਿਹਾ ਕਿ ਉਨ੍ਹਾਂ ਨੂੰ 25 ਜੂਨ ਨੂੰ 38 ਸ਼ਿਵ ਸੈਨਾ ਵਿਧਾਇਕਾਂ, ਪ੍ਰਹਾਰ ਜਨਸ਼ਕਤੀ ਪਾਰਟੀ ਦੇ 2 ਅਤੇ 7 ਆਜ਼ਾਦ ਵਿਧਾਇਕਾਂ ਵੱਲੋਂ ਪੱਤਰ ਮਿਲਿਆ ਸੀ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰਾਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਸੁਰੱਖਿਆ ਵਾਪਸ ਲੈਣ ਬਾਰੇ ਲਿਖਿਆ ਸੀ। ਕੋਸ਼ਿਆਰੀ ਨੇ ਇਹ ਪੱਤਰ ਅਜਿਹੇ ਮੌਕੇ ਲਿਖਿਆ ਹੈ ਜਦੋਂ ਕਈ ਹਿੰਸਕ ਘਟਨਾਵਾਂ ਵਾਪਰੀਆਂ ਹਨ। -ਪੀਟੀਆਈ
ਹਵਾਈ ਅੱਡੇ ਤੋਂ ਅਸੈਂਬਲੀ ਤੱਕ ਦਾ ਰਾਹ ਵਰਲੀ ਹੋ ਕੇ ਲੰਘਦੈ: ਆਦਿੱਤਿਆ ਠਾਕਰੇ
ਮੁੰਬਈ: ਸ਼ਿਵ ਸੈਨਾ ਆਗੂ ਤੇ ਕੈਬਨਿਟ ਮੰਤਰੀ ਆਦਿੱਤਿਆ ਠਾਕਰੇ ਨੇ ਗੁਹਾਟੀ ਵਿੱਚ ਡੇਰੇ ਲਾਈ ਬੈਠੇ ਬਾਗ਼ੀ ਵਿਧਾਇਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਮੁੰਬਈ ਹਵਾਈ ਅੱਡੇ ਤੋਂ ਵਿਧਾਨ ਭਵਨ (ਮਹਾਰਾਸ਼ਟਰ ਅਸੈਂਬਲੀ) ਤੱਕ ਦਾ ਰਾਹ ਵਰਲੀ ਹੋ ਕੇ ਲੰਘਦਾ ਹੈ। ਮੁੰਬਈ ਵਿੱਚ ਵਰਲੀ ਨੂੰ ਸ਼ਿਵ ਸੈਨਾ ਦਾ ਰਵਾਇਤੀ ਗੜ੍ਹ ਮੰਨਿਆ ਜਾਂਦਾ ਹੈ ਤੇ ਮੌਜੂਦਾ ਸਮੇਂ ਆਦਿੱਤਿਆ ਠਾਕਰੇ ਅਸੈਂਬਲੀ ਵਿੱਚ ਇਸੇ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਸ਼ਿਵ ਸੈਨਾ ਪ੍ਰਧਾਨ ਤੇ ਮੁੱਖ ਮੰਤਰੀ ਊਧਵ ਠਾਕਰੇ ਦੇ ਪੁੱਤਰ ਆਦਿੱਤਿਆ ਠਾਕਰੇ ਨੇ ਕਿਹਾ ਕਿ ਪਾਰਟੀ ਵਿੱਚ ‘ਗੱਦਾਰਾਂ’ ਲਈ ਕੋਈ ਥਾਂ ਨਹੀਂ ਹੈ।